Akali Dal Recruitment Drive: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨੇ ਅੱਜ ਅਰਦਾਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਦੇ ਸਮਰਥਨ ਵਿੱਚ ਆਏ ਤੇ ਪਹਿਲੀ ਰਸੀਦ ਪ੍ਰਾਪਤ ਕਰਕੇ ਮੈਂਬਰਸ਼ਿਪ ਹਾਸਲ ਕੀਤੀ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਰਤੀ ਕਮੇਟੀ ਦੇ ਪੰਜਾਂ ਮੈਂਬਰਾਂ ਨੂੰ ਚਾਹ ਦਾ ਸੱਦਾ ਭੇਜਿਆ। 



ਕਮੇਟੀ ਨੇ ਦੱਸਿਆ ਕਿ ਇਹ ਭਰਤੀ ਆਧਾਰ ਕਾਰਡ ਤੇ ਰਿਕਾਰਡਾਂ ਨਾਲ ਪੂਰੀ ਤਰ੍ਹਾਂ ਸਾਫ਼-ਸੁਥਰੀ ਹੋਵੇਗੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਸੰਗਠਨਾਂ ਦੇ ਹਰੇਕ ਮੈਂਬਰ ਨੂੰ ਮਿਲਿਆ ਜਾਵੇਗਾ। ਇਹ ਭਰਤੀ ਮੁਹਿੰਮ ਅਗਲੇ 6 ਮਹੀਨਿਆਂ ਤੱਕ ਜਾਰੀ ਰਹੇਗੀ। ਇਸ ਤੋਂ ਤੈਅ ਹੈ ਕਿ ਅਕਾਲੀ ਦਲ ਦੀ ਲੜਾਈ ਲੰਬੀ ਚੱਲ਼ਣ ਵਾਲੀ ਹੈ। ਇਸ ਦੌਰਾਨ ਸਭ ਦੀਆਂ ਨਜ਼ਰਾਂ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲ ਹਨ। ਹੁਣ ਵੇਖਣਾ ਹੋਏਗਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨੂੰ ਮਾਨਤਾ ਦਿੰਦੇ ਹਨ ਜਾਂ ਫਿਰ ਕੋਈ ਨਵਾਂ ਰਾਹ ਕੱਢਦੇ ਹਨ।



ਭਰਤੀ ਕਮੇਟੀ ਦੇ ਪੰਜ ਮੈਂਬਰਾਂ ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਦਾ ਤੇ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ਵਿੱਚ ਨਵੀਂ ਭਰਤੀ ਸ਼ੁਰੂ ਕਰਨ ਦੇ ਹੁਕਮ ਮਿਲੇ ਹਨ। ਇਸ ਤਹਿਤ ਅੱਜ ਅਰਦਾਸ ਕਰਨ ਤੋਂ ਬਾਅਦ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਭਰਤੀ ਨੂੰ ਲੈ ਕੇ ਪੰਜਾਬ ਵਿੱਚ ਬਹੁਤ ਉਤਸ਼ਾਹ ਹੈ ਤੇ ਇਸ ਨਾਲ 2027 ਵਿੱਚ ਅਕਾਲੀ ਦਲ ਨੂੰ ਵੱਡੀ ਤਾਕਤ ਮਿਲੇਗੀ।


ਅਕਾਲੀ ਦਲ ਦਾ ਬਾਗ਼ੀ ਧੜਾ ਵੀ ਭਰਤੀ ਕਮੇਟੀ ਦੇ ਸਮਰਥਨ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਵਰਕਿੰਗ ਕਮੇਟੀ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਭਰਤੀ ਕਰ ਰਿਹਾ ਹੈ ਤਾਂ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਯਮਾਂ ਅਨੁਸਾਰ ਨਹੀਂ। ਭਰਤੀ ਕਮੇਟੀ ਜੋ ਮੈਂਬਰਸ਼ਿਪ ਮੁਹਿੰਮ ਚਲਾ ਰਹੀ ਹੈ, ਉਹ ਸਹੀ ਹੈ। ਇਸ ਲਈ ਹੋ ਸਕਦਾ ਹੈ ਕਿ ਵਰਕਿੰਗ ਕਮੇਟੀ ਆਪਣੀ ਵੱਖਰੀ ਪਾਰਟੀ ਬਣਾਉਣਾ ਚਾਹੁੰਦੀ ਹੋਵੇ।