ਮੋਹਾਲੀ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਟੌਰ ਫੈਕਟਰੀ ਵਿੱਚ ਇੱਕ ਫਰਿੱਜ ਦੇ ਅੰਦਰੋਂ ਇੱਕ ਕੁੱਤੇ ਦਾ ਕੱਟਿਆ ਹੋਇਆ ਸਿਰ ਮਿਲਿਆ ਹੈ। ਭਾਂਡਿਆਂ ਵਿੱਚ ਕੁਝ ਮਾਸ ਵੀ ਮਿਲਿਆ ਹੈ। ਇਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਫੈਕਟਰੀ ਵਿੱਚ ਮੋਮੋ ਅਤੇ ਸਪਰਿੰਗ ਰੋਲ ਬਣਾਏ ਜਾਂਦੇ ਸਨ ਤੇ ਕਈ ਥਾਵਾਂ 'ਤੇ ਸਪਲਾਈ ਕੀਤੇ ਜਾਂਦੇ ਸਨ।

ਹੁਣ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕੀ ਕੁੱਤੇ ਦਾ ਮਾਸ ਮੋਮੋਜ਼ ਵਿੱਚ ਪਾ ਕੇ ਲੋਕਾਂ ਨੂੰ ਖੁਆਇਆ ਗਿਆ ਸੀ ਜਾਂ ਇੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਖੁਦ ਖਾਧਾ ਸੀ। ਇਸ ਕੁੱਤੇ ਦੇ ਸਰੀਰ ਦਾ ਇੱਕ ਹਿੱਸਾ ਗੁੰਮ ਹੈ ਸਿਰ ਵੀ ਪੂਰਾ ਨਹੀਂ ਹੈ। ਸਿਰ ਨੂੰ ਜਾਂਚ ਲਈ ਵੈਟਰਨਰੀ ਵਿਭਾਗ ਭੇਜਿਆ ਗਿਆ ਹੈ। 

ਦੱਸ ਦਈਏ ਕਿ ਮੋਮੋ, ਸਪਰਿੰਗ ਰੋਲ ਅਤੇ ਲਾਲ ਚਟਨੀ ਦੇ ਨਮੂਨੇ ਵੀ ਜਾਂਚ ਲਈ ਲੈਬ ਭੇਜੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ। ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਮੋਮੋ ਅਤੇ ਸਪਰਿੰਗ ਰੋਲ ਬਣਾਉਣ ਦੀ ਇਹ ਫੈਕਟਰੀ ਪਿੰਡ ਮਟੌਰ ਵਿੱਚ ਲਗਭਗ ਦੋ ਸਾਲਾਂ ਤੋਂ ਚੱਲ ਰਹੀ ਸੀ। ਮੋਮੋਜ਼ ਅਤੇ ਸਪਰਿੰਗ ਰੋਲ ਇੱਥੋਂ ਪੂਰੇ ਟ੍ਰਾਈਸਿਟੀ ਵਿੱਚ ਐਕਟਿਵਾ ਤੇ ਬਾਈਕ 'ਤੇ ਸਪਲਾਈ ਕੀਤੇ ਜਾਂਦੇ ਸਨ। ਉਸਦੇ ਆਪਣੇ ਕਰਮਚਾਰੀ ਨੇ ਦੱਸਿਆ ਸੀ ਕਿ ਉਹ ਚੰਡੀਗੜ੍ਹ, ਪੰਚਕੂਲਾ ਅਤੇ ਕਾਲਕਾ ਵਿੱਚ ਸਾਮਾਨ ਪਹੁੰਚਾਉਂਦਾ ਹੈ।

ਮੋਹਾਲੀ ਦੇ ਸਹਾਇਕ ਫੂਡ ਸੇਫਟੀ ਕਮਿਸ਼ਨਰ ਡਾ. ਅੰਮ੍ਰਿਤ ਵੜਿੰਗ ਨੇ ਕਿਹਾ ਕਿ ਪੁਲਿਸ ਨੂੰ ਵੀ ਫੈਕਟਰੀ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਸੂਚਿਤ ਕਰ ਦਿੱਤਾ ਗਿਆ ਹੈ।ਮੋਮੋ ਅਤੇ ਸਪਰਿੰਗ ਰੋਲ ਬਣਾਉਣ ਵਾਲੀ ਫੈਕਟਰੀ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੁੱਤੇ ਦੇ ਮਾਸ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ। 

ਮੌਕੇ 'ਤੇ ਜੰਮਿਆ ਹੋਇਆ ਕੱਟਿਆ ਹੋਇਆ ਮਾਸਅਤੇ ਇੱਕ ਕਰੱਸ਼ਰ ਮਸ਼ੀਨ ਵੀ ਮਿਲੀ। ਪ੍ਰਸ਼ਾਸਨ ਨੂੰ ਐਤਵਾਰ ਨੂੰ ਇਸ ਮਾਮਲੇ ਬਾਰੇ ਸੂਚਿਤ ਕੀਤਾ ਗਿਆ। ਇਹ ਕਾਰਵਾਈ ਮੋਹਾਲੀ ਜ਼ਿਲ੍ਹਾ ਸਿਹਤ ਅਧਿਕਾਰੀ (ਡੀਐਚਓ) ਵੱਲੋਂ ਮਟੌਰ (ਮੋਹਾਲੀ) ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਐਤਵਾਰ ਅਤੇ ਸੋਮਵਾਰ ਨੂੰ ਸਥਾਨਕ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ। 

ਇਸ ਸਬੰਧ ਵਿੱਚ ਡੀਐਚਓ ਨੂੰ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਰਜਿਸਟਰਡ ਨਹੀਂ ਪਾਏ ਗਏ ਸਨ। ਇਸ ਸੰਸਥਾ ਨੂੰ ਚਲਾਉਣ ਵਾਲੇ ਵਿਕਰੇਤਾ ਨੇਪਾਲ ਤੋਂ ਹਨ। ਛਾਪੇਮਾਰੀ ਦੌਰਾਨ ਸਥਾਨਕ ਲੋਕ ਮੌਕੇ 'ਤੇ ਇਕੱਠੇ ਹੋ ਗਏ। ਹਾਲਾਂਕਿ, ਫੈਕਟਰੀ ਦੇ ਕਰਮਚਾਰੀਆਂ ਦੁਆਰਾ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਮਿਲਿਆ ਜਾਨਵਰ ਦਾ ਸਿਰ ਮੋਮੋ ਬਣਾਉਣ ਵਿੱਚ ਨਹੀਂ ਵਰਤਿਆ ਗਿਆ ਸੀ, ਸਗੋਂ ਇਹ ਉਨ੍ਹਾਂ ਦਾ ਮਾਸ ਸੀ ਜੋ ਉਹ ਖਾਂਦੇ ਹਨ। ਮੋਹਾਲੀ ਸਿਵਲ ਸਰਜਨ ਡਾ. ਸੰਗੀਤਾ ਜੈਨਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।