ਵਲਟੋਹਾ ਨੇ ਕਿਹਾ ਕਿ ਇਹ ਗੀਤ ਅਕਾਲੀ ਨੇਤਾ ਮੀਤਪਾਲ ਡੁਗਰੀ ਵੱਲੋਂ ਗਾਇਆ ਗਿਆ ਹੈ ਜੋ ਅਕਾਲੀ ਦਲ ਦੇ ਯੂਥ ਵਿੰਗ ਐਸ.ਓ.ਆਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਲੀਡਰਾਂ ਵੱਲੋਂ ਪੰਜਾਬ ਨੂੰ ਨਸ਼ੇ ਦੇ ਨਾਮ 'ਤੇ ਬਦਨਾਮ ਕੀਤੇ ਜਾਣ ਕਰਕੇ ਅਕਾਲੀ ਦਲ ਦੇ ਵਰਕਰਾਂ ਦੇ ਮਨਾਂ ਵਿੱਚ ਕਾਫੀ ਰੋਸ ਸੀ। ਉਸੇ ਦਾ ਹੀ ਨਤੀਜਾ ਹੈ ਕਿ ਅਕਾਲੀ ਦਲ ਨੇ ਇਹ ਨਵਾਂ ਗੀਤ ਜਾਰੀ ਕਰਕੇ ਆਮ ਆਦਮੀ ਪਾਰਟੀ ਨੂੰ ਕਰਾਰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।
ਵਲਟੋਹਾ ਨੇ ਇਹ ਵੀ ਕਿਹਾ ਕਿ ਇਹ ਗੀਤ ਕੁਮਾਰ ਵਿਸ਼ਵਾਸ਼ ਨੂੰ ਵੰਗਾਰ ਹੈ ਕਿਉਂਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਨਹੀਂ ਸਗੋਂ ਹਰ ਕਿਸੇ ਦਾ ਡਟ ਕੇ ਮੁਕਾਬਲਾ ਕਰਨ ਵਾਲਾ ਹੈ। ਜੇਕਰ ਕੁਮਾਰ ਵਿਸ਼ਵਾਸ਼ ਨੂੰ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਹੈ ਤਾਂ ਉਹ ਪੰਜਾਬ ਦੇ ਹਰ ਉਸ ਨੌਜਵਾਨ ਨਾਲ ਆ ਕੇ ਘੋਲ ਕਰ ਸਕਦੇ ਹਨ, ਜਿਸ ਨੂੰ ਉਹ ਨਸ਼ੇ ਵਿੱਚ ਬਰਬਾਦ ਹੋਇਆ ਦੱਸਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਕੇਜਰੀਵਾਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਕੇਜਰੀਵਾਲ ਦੀ ਨਿਹੰਗ ਬਾਣੇ ਵਾਲੀ ਤਸਵੀਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ ਸਿੱਖ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਨੂੰ ਇਸ ਤਸਵੀਰ 'ਤੇ ਇਤਰਾਜ਼ ਸੀ ਤਾਂ ਉਨ੍ਹਾਂ ਨੇ ਮੈਗਜ਼ੀਨ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ।