ਲੁਧਿਆਣਾ: ਹੁਣ ਕੋਈ ਗਰੀਬ ਭੁੱਖਾ ਨਹੀਂ ਸੌਂਏਗਾ। ਇਹ ਬੀੜਾ ਅੰਨ-ਜਲ ਸੇਵਾ ਟਰੱਸਟ ਨੇ ਚੱਕਿਆ ਹੈ। ਕੁਝ ਦਿਨਾਂ ਬਾਅਦ ਸ਼ਾਦੀ ਦੇ ਪ੍ਰੋਗਰਾਮਾਂ ਤੇ ਹੋਟਲਾਂ ਵਿੱਚ ਤਿਆਰ ਹੋਇਆ ਖਾਣਾ ਬਰਬਾਦ ਨਹੀਂ ਹੋਵੇਗਾ। ਸਗੋਂ ਇਹ ਲੋੜਮੰਦਾਂ ਤੱਕ ਸੌਖਾ ਹੀ ਪਹੁੰਚ ਜਾਵੇਗਾ। ਲੁਧਿਆਣਾ ਦਾ ਜ਼ਿਲ੍ਹਾ ਪ੍ਰਸ਼ਾਸਨ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਖਾਣਾ ਦੇਣ ਵਾਲੀ ਸੰਸਥਾ ਅੰਨ-ਜਲ ਟਰੱਸਟ ਦੇ ਨਾਲ ਮਿਲਕੇ ਇਹ ਕੰਮ ਕਰੇਗਾ।
ਇਸ ਲਈ ਇੱਕ ਮੋਬਾਈਲ ਐਪਲੀਕੇਸ਼ਨ ਬਣਾਈ ਜਾਵੇਗੀ। ਇਸ ਵਿੱਚ ਸ਼ਹਿਰ ਦੇ ਉਨ੍ਹਾਂ ਸਾਰੇ ਇਲਾਕਿਆਂ ਦੀ ਜਾਣਕਾਰੀ ਹੋਵੇਗੀ, ਜਿੱਥੇ ਖਾਣ ਦੇ ਸਾਮਾਨ ਦੀ ਲੋੜ ਹੋਵੇਗੀ। ਲੋਕਾਂ ਨੂੰ ਖਾਣਾ ਬਚੇ ਹੋਣ ਬਾਰੇ ਜਾਣਕਾਰੀ ਐਪ 'ਤੇ ਹੀ ਦੇਣੀ ਹੋਵੇਗੀ। ਇਸ ਦੀ ਸੂਚਨਾ ਮਿਲਣ 'ਤੇ ਅੰਨ-ਜਲ ਦੀ ਵਲੰਟੀਅਰ ਉੱਥੇ ਜਾਣਗੇ। ਇਹ ਖਾਣਾ ਲੈ ਕੇ ਜ਼ਰੂਰਤਮੰਦ ਲੋਕਾਂ ਨੂੰ ਵੰਡਿਆ ਜਾਵੇਗਾ। ਜੇਕਰ ਜ਼ਿਆਦਾ ਖਾਣਾ ਹੈ ਤਾਂ ਇਸ ਵਿੱਚ ਅੰਨ-ਜਲ ਸੇਵਾ ਟਰੱਸਟ ਵਲੰਟੀਅਰ ਬਾਰੇ ਵੀ ਇਲਾਕੇ ਮੁਤਾਬਕ ਹੀ ਸੂਚਨਾ ਹੋਵੇਗੀ।
ਇਸ ਵਿੱਚ ਜਿਸ ਵੀ ਇਲਾਕੇ ਦੀ ਚੋਣ ਕੀਤੀ ਜਾਵੇਗੀ, ਉਸ ਥਾਂ ਦੇ ਵਲੰਟੀਅਰ ਦਾ ਨੰਬਰ ਆ ਜਾਵੇਗਾ ਤੇ ਪਤਾ ਆ ਜਾਏਗਾ। ਇਸ ਨੂੰ ਪਿੱਕ-ਅਪ ਪੁਆਇੰਟ ਦਾ ਨਾਂ ਦਿੱਤਾ ਜਾਵੇਗਾ। ਵਲੰਟੀਅਰ ਪਹਿਲਾਂ ਇਹ ਚੈੱਕ ਕਰਨਗੇ ਕਿ ਕੀ ਇਹ ਖਾਣਾ ਖਾਣ ਲਾਇਕ ਹੈ ਵੀ ਜਾਂ ਨਹੀਂ। ਇਸ ਬਾਰੇ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਡਿਪਟੀ ਕਮੀਸ਼ਨਰ ਨੇ ਦੱਸਿਆ ਕਿ ਇਸ ਐਪ ਵਿੱਚ ਜਾਣਕਾਰੀ ਫੀਡ ਕਰ ਇਸ ਨੂੰ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।