ਅਕਾਲੀ ਦਲ 'ਬਾਦਲ' ਨੂੰ ਟੱਕਰਨ ਲਈ 'ਟਕਸਾਲੀ ਦਲ' ਦਾ ਗਠਨ, ਬ੍ਰਹਮਪੁਰਾ ਚੁਣੇ ਗਏ ਪ੍ਰਧਾਨ
ਏਬੀਪੀ ਸਾਂਝਾ | 16 Dec 2018 01:49 PM (IST)
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੀਤੇ ਟਕਸਾਲੀ ਆਗੂ ਪਹਿਲਾਂ ਕੀਤੇ ਐਲਾਨ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਆਪਣੀ ਸਿਆਸੀ ਪਾਰਟੀ ਦਾ ਗਠਨ ਕਰ ਲਿਆ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਚੁਣੇ ਗਏ ਹਨ। ਅਕਾਲੀ ਦਲ ਟਕਸਾਲੀ ਦੇ ਹੋਰਨਾਂ ਅਹੁਦੇਦਾਰਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਐਤਵਾਰ ਸਵੇਰੇ ਵੱਡੀ ਗਿਣਤੀ 'ਚ ਆਪਣੇ ਸਮਰਥਕਾਂ ਨਾਲ ਪਹੁੰਚੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਡਾ. ਰਤਨ ਸਿੰਘ ਅਜਨਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਪਾਰਟੀ ਦੇ ਨਾਂਅ ਦਾ ਐਲਾਨ ਕੀਤਾ ਹੈ। ਉਕਤ ਲੀਡਰ ਪਾਰਟੀ ਦੇ ਗਠਨ ਸਬੰਧੀ ਪ੍ਰੈਸ ਕਾਨਫ਼ਰੰਸ ਵੀ ਕਰਨ ਜਾ ਰਹੇ ਹਨ। ਟਕਸਾਲੀ ਲੀਡਰਾਂ ਨੇ ਦਰਬਾਰ ਸਾਹਿਬ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਅਕਾਲ ਤਖ਼ਤ ਦੇ ਬਾਹਰ ਸੇਵਾ ਸਿੰਘ ਸੇਖਵਾਂ ਨੇ ਸੰਬੋਧਨ ਕਰਦਿਆਂ ਕਿਸੇ ਵਿਅਕਤੀ ਵਿਸ਼ੇਸ਼ ਉੱਪਰ ਸਿਆਸੀ ਵਾਰ ਕਰਨ ਤੋਂ ਗੁਰੇਜ਼ ਕੀਤਾ। ਸੇਖਵਾਂ ਦਾ ਇਸ਼ਾਰਾ ਬਾਦਲ ਪਰਿਵਾਰ ਵੱਲ ਸੀ। ਉਨ੍ਹਾਂ ਮੁੜ ਤੋਂ ਸੰਨ 1920 'ਚ ਸਥਾਪਤ ਕੀਤੇ ਗਏ ਅਕਾਲੀ ਦਲ ਦੀ ਭਾਵਨਾ ਨੂੰ ਆਪਣੀ ਪਾਰਟੀ ਵਿੱਚ ਲਿਆਉਣ ਦਾ ਵਾਅਦਾ ਵੀ ਕੀਤਾ।