ਜਲਾਲਾਬਾਦ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਪਾਰਲੀਮਾਨੀ ਚੋਣਾਂ ਵਿਚ ਕਾਂਗਰਸ ਤੇ ਆਪ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਕੇ ਦੋਵਾਂ ਪਾਰਟੀਆਂ ਨੂੰ ਕਰਾਰਾ ਸਬਕ ਸਿਖਾਇਆ ਜਾਵੇ। 


ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਦੀ ਪੰਜਾਬ ਬਚਾਓ ਯਾਤਰਾ ਤਹਿਤ ਗੁਰੂ ਹਰਿਸਹਾਇ ਅਤੇ ਜਲਾਲਾਬਾਦ ਹਲਕਿਆਂ ਦਾ ਦੌਰਾ ਕੀਤਾ, ਦਾ ਸਰਹੱਦੀ ਪੱਟੀ ਵਿਚ ਲੋਕਾਂ ਨੇ ਸ਼ਾਨਦਾਰ ਸਵਾਗਤ ਕੀਤਾ ਤੇ ਹਜ਼ਾਰਾਂ ਲੋਕ ਸੜਕ ਦੇ ਦੋਵੇਂ ਖੜ੍ਹੇ ਹੋ ਕੇ ਉਹਨਾਂ ਦੇ ਨਿੱਘੇ ਸਵਾਗਤ ਵਿਚ ਜੁਟੇ ਤੇ ਉਹਨਾਂ ਨਾਲ ਮੁਲਾਕਾਤ ਕਰਦੇ ਰਹੇ ਜਦੋਂ ਕਿ ਪਾਰਟੀ ਦੇ ਸੈਂਕੜੇ ਆਗੂ ਤੇ ਕਾਰਕੁੰਨ ਪਾਰਟੀ ਪ੍ਰਧਾਨ ਦੇ ਨਾਲ ਯਾਤਰਾ ਵਿਚ ਟਰੈਕਟਰ, ਕਾਰਾਂ ਤੇ ਜੀਪਾਂ ਲੈ ਕੇ ਸ਼ਾਮਲ ਹੋਏ।


ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਪ੍ਰਕਿਰਿਆ ਆਰੰਭ ਕੀਤੀ ਸੀ ਪਰ ਫਿਰ ਕਾਂਗਰਸ ਦੀ ਸਰਕਾਰ ਆ ਗਈ ਜਿਸਨੇ ਤੁਹਾਨੂੰ ਮਾਲਕਾਨਾ ਹੱਕ ਦੇਣ ਤੋਂ ਨਾਂਹ ਕਰ ਦਿੱਤੀ। ਉਹਨਾਂ ਕਿਹਾ ਕਿ ਅਸੀਂ ਸਾਡੀ ਸਰਕਾਰ ਬਣਨ ’ਤੇ ਇਹ ਹੱਕ ਤੁਹਾਨੂੰ ਤੁਰੰਤ ਦੇ ਦਿਆਂਗੇ।



ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਸੇਵਾ ਕੇਂਦਰ ਤੇ ਸੁਵਿਧਾ ਕੇਂਦਰ ਜੋ ਅਕਾਲੀ ਦਲ ਦੀ ਸਰਕਾਰ ਸਮੇਂ ਸਰਹੱਦੀ ਪੱਟੀ ਵਿਚ ਖੋਲ੍ਹੇ ਗਏ ਸਨ, ਉਹ ਬੰਦ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਲੋਕਾਂ ਨੇ ਆ ਕੇ ਦੱਸਿਆ ਹੈ ਕਿ ਉਹਨਾਂ ਨੂੰ ਤਾਂ ਪੀਣ ਵਾਲਾ ਸਾਫ ਪਾਣੀ ਵੀ ਨਹੀਂ ਮਿਲ ਰਿਹਾ ਕਿਉਂਕਿ ਅਕਾਲੀ ਦਲ ਵੱਲੋਂ ਲਗਾਏ ਆਰ ਓ ਪਲਾਂਟ ਵੀ ਬੰਦ ਪਏ ਹਨ। 


ਅਨੇਕਾਂ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਆਟਾ-ਦਾਲ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਵੀ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਤੇ ਅਸੀਂ ਲੋਕਾਂ ਲਈ ਇਹ ਸਹੂਲਤਾਂ ਬਹਾਲ ਕਰਨ ਵਾਸਤੇ ਵਚਨਬੱਧ ਹਾਂ।



ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਦੇ ਵੀ ਪੰਜਾਬੀਆਂ ਨੂੰ ਹੇਠਾਂ ਨਹੀਂ ਲੱਗਣ ਦੇਵੇਗਾ ਜਿਵੇਂ ਕਾਂਗਰਸ ਤੇ ਆਪ ਨੇ ਕੀਤਾ ਹੈ। ਉਹਨਾਂ ਕਿਹਾ ਕਿ ਸਾਡੇ ਵਾਸਤੇ ਖੇਤਰੀ ਇੱਛਾਵਾਂ ਸਭ ਤੋਂ ਅਹਿਮ ਹਨ। ਉਹਨਾਂ ਕਿਹਾ ਕਿ ਸਾਡਾ ਖੇਤਰੀ ਇੱਛਾਵਾਂ ਦੀ ਰਾਖੀ ਦਾ ਇਤਿਹਾਸ ਰਿਹਾ ਹੈ। 


ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਸਰਵ ਪੱਖੀ ਵਿਕਾਸ ਹੋਇਆ ਜਿਸ ਕਾਰਨ ਸਮਾਜ ਦੇ ਹਰ ਵਰਗ ਭਾਵੇਂ ਉਹ ਕਿਸਾਨ, ਔਰਤਾਂ, ਕਮਜ਼ੋਰ ਵਰਗ, ਨੌਜਵਾਨ, ਵਪਾਰ ਤੇ ਉਦਯੋਗ ਅਤੇ ਸਰਕਾਰੀ ਮੁਲਾਜ਼ਮ ਸਨ, ਸਭ ਨੂੰ ਲਾਭ ਪੁੱਜਾ।



ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਵੀ ਸੱਦਾ ਦਿੱਤਾ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਤੇ ਪੰਥਕ ਸੰਸਥਾਵਾਂ ’ਤੇ ਇਸ ਕਰ ਕੇ ਹਮਲੇ ਹੁੰਦੇ ਰਹੇ ਹਨ ਕਿਉਂਕਿ ਚੋਣਾਂ ਵਿਚ ਅਕਾਲੀ ਦਲ ਕਮਜ਼ੋਰ ਹੋ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਪੰਥ ਦਾ ਕਿਵੇਂ ਨੁਕਸਾਨ ਕੀਤਾ ਗਿਆ।


 ਸ਼੍ਰੋਮਣੀ ਕਮੇਟੀ ਨੂੰ ਤੋੜਿਆ ਗਿਆ ਤੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਦਿੱਤੀ ਗਈ। ਮਹਾਰਾਸ਼ਟਰ ਸਰਕਾਰ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕਰਨ ਦਾ ਯਤਨ ਕੀਤਾ ਤੇ ਦਿੱਲੀ ਕਮੇਟੀ ’ਤੇ ਤਾਂ ਕਬਜ਼ਾ ਕੀਤਾ ਹੀ ਹੋਇਆ ਹੈ।