Punjab News:  ਸ਼੍ਰੋਮਣੀ ਅਕਾਲੀ ਦਲ 4 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਿਹਾ ਹੈ। ਅਕਾਲੀ ਦਲ ਨੇ ਹੁਣ ਪੂਰੇ ਸੂਬੇ 'ਚ ਬਿਜਲੀ ਸਬਸਿਡੀ ਖਤਮ ਕਰਨ, ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਧਾਉਣ ਅਤੇ ਸੂਬੇ 'ਚ ਵਧ ਰਹੇ ਅਪਰਾਧ ਸਮੇਤ ਵੱਖ-ਵੱਖ ਮੁੱਦਿਆਂ 'ਤੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ ਹੈ।



ਇਹ ਪ੍ਰੋਗਰਾਮ ਭਲਕੇ (ਸੋਮਵਾਰ) ਲੁਧਿਆਣਾ ਤੋਂ ਸ਼ੁਰੂ ਹੋਵੇਗਾ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਹ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਸਮੂਹ ਅਕਾਲੀ ਆਗੂਆਂ ਅਤੇ ਸਮਰਥਕਾਂ ਨੂੰ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਰਕਾਰ ਦਾ ਪਰਦਾਫਾਸ਼ ਕੀਤਾ ਜਾਵੇਗਾ।


ਕਿੱਥੇ-ਕਿੱਥੇ ਕੀਤਾ ਜਾਵੇਗਾ ਪ੍ਰਦਰਸ਼ਨ


ਪ੍ਰਦਰਸ਼ਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੀ ਵਿਉਂਤਬੰਦੀ ਕੀਤੀ ਗਈ ਸੀ। ਇਹ ਰੋਸ ਪ੍ਰੋਗਰਾਮ 10 ਸਤੰਬਰ ਤੋਂ 23 ਸਤੰਬਰ ਤੱਕ ਚੱਲੇਗਾ। 10 ਸਤੰਬਰ ਨੂੰ ਲੁਧਿਆਣਾ, 11 ਸਤੰਬਰ ਨੂੰ ਫਿਰੋਜ਼ਪੁਰ, 12 ਸਤੰਬਰ ਨੂੰ ਫਾਜ਼ਿਲਕਾ, 13 ਸਤੰਬਰ ਨੂੰ ਮੋਗਾ, 16 ਸਤੰਬਰ ਨੂੰ ਸ੍ਰੀ ਮੁਕਤਸਰ ਸਾਹਿਬ, 17 ਸਤੰਬਰ ਨੂੰ ਬਠਿੰਡਾ, 18 ਸਤੰਬਰ ਨੂੰ ਮਾਨਸਾ, 19 ਸਤੰਬਰ ਨੂੰ ਸੰਗਰੂਰ, 20 ਸਤੰਬਰ ਨੂੰ ਬਰਨਾਲਾ ਤੇ 23 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿਖੇ ਜਾਣਗੇ।



ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਭਗਵੰਤ ਮਾਨ ਦੀ ਲੀਡਰਸ਼ਿਪ ਹੇਠ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ ਤੇ ਗੈਂਗਸਟਰ ਸੂਬੇ ਨੂੰ ਚਲਾ ਰਹੇ ਹਨ ਜਿਸ ਦੌਰਾਨ ਡਕੈਤੀਆਂ, ਲੁੱਟਾਂ ਖੋਹਾਂ, ਫਿਰੌਤੀਆਂ ਤੇ ਕਤਲ ਰੋਜ਼ ਦਾ ਹੀ ਕੰਮ ਹੋ ਗਿਆ ਹੈ। 
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਸਰਕਾਰ ਨੂੰ ਬੇਨਕਾਬ ਕਰੇਗਾ ਕਿ ਕਿਵੇਂ ਇਹ ਕਿਸਾਨਾਂ,ਵਪਾਰੀਆਂ, ਮਜ਼ਦੂਰਾਂ, ਆਮ ਆਦਮੀ ਤੇ ਸਮਾਜ ਦੇ ਹੋਰ ਵਰਗਾਂ ਦੇ ਖਿਲਾਫ ਕੰਮ ਕਰ ਰਹੀ ਹੈ।



ਜ਼ਿਕਰ ਕਰ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਪੂਰੇ ਸੂਬੇ ਵਿੱਚ ਪੰਜਾਬ ਬਚਾਓ ਯਾਤਰਾ ਕੱਢੀ ਗਈ ਸੀ। ਇਹ ਯਾਤਰਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਕੱਢੀ ਗਈ। ਲਗਭਗ ਸਾਰੇ ਵਿਧਾਨ ਸਭਾ ਹਲਕਿਆਂ ਨੂੰ ਘੇਰਨ ਦਾ ਯਤਨ ਕੀਤਾ ਗਿਆ। ਹਾਲਾਂਕਿ ਇਸ ਦੌਰੇ ਦਾ ਪਾਰਟੀ ਨੂੰ ਚੋਣਾਂ 'ਚ ਕੋਈ ਫਾਇਦਾ ਨਹੀਂ ਹੋਇਆ। ਚੋਣਾਂ ਵਿੱਚ ਪਾਰਟੀ ਬਠਿੰਡਾ ਸੀਟ ਨੂੰ ਛੱਡ ਕੇ ਕੋਈ ਵੀ ਸੀਟ ਨਹੀਂ ਜਿੱਤ ਸਕੀ।