ਅੰਮ੍ਰਿਤਸਰ: ਜ਼ਿਲ੍ਹੇ ਦੇ ਅਕਾਲੀ ਆਗੂਆਂ ਵਲੋਂ ਸ਼੍ਰੋਮਣੀ ਕਮੇਟੀ ਅਧੀਨ ਚੱਲਦੇ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲਾ ਦੇ ਮੁੱਖ ਸਕੱਤਰ ਡਾ. ਏਪੀ ਸਿੰਘ ਖਿਲਾਫ ਕੱਲ੍ਹ ਨੂੰ ਲਾਇਆ ਜਾਣ ਵਾਲਾ ਧਰਨਾ ਮੁਲਤਵੀ ਹੋ ਗਿਆ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਇਸ ਸਾਰੇ ਮਾਮਲੇ 'ਚ ਏਪੀ ਸਿੰਘ ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਇੱਕ ਸਬ ਕਮੇਟੀ ਬਣਾ ਦਿੱਤੀ ਹੈ।


ਲੌਂਗੋਵਾਲ ਨੇ ਅੱਜ ਦੇਰ ਰਾਤ ਅੰਮ੍ਰਿਤਸਰ ਦੱਖਣੀ ਹਲਕੇ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਸਮੇਤ ਕਈ ਅਕਾਲੀ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਦੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਬ ਕਮੇਟੀ ਬਣਾਉਣ ਦਾ ਆਸ਼ਵਾਸਨ ਦਿੱਤਾ ਅਤੇ ਇਸ ਤੋਂ ਬਾਅਦ ਅਕਾਲੀ ਆਗੂ ਤਲਬੀਰ ਗਿੱਲ ਨੇ ਇਹ ਧਰਨਾ ਮੁਲਤਵੀ ਕਰਨ ਦਾ ਫੈਸਲਾ ਲਿਆ।ਜ਼ਿਕਰਯੋਗ ਹੈ ਕੇ ਤਲਬੀਰ ਸਿੰਘ ਗਿੱਲ ਬਿਕਰਮ ਮਜੀਠੀਆ ਦਾ ਕਰੀਬ ਮੰਨਿਆ ਜਾਂਦਾ ਹੈ।


ਦੱਸ ਦੇਈਏ ਕਿ ਬੀਤੇ ਕੁੱਝ ਦਿਨਾਂ ਦੌਰਾਨ ਤਲਬੀਰ ਸਿੰਘ ਵਲੋਂ ਏਪੀ ਸਿੰਘ ਖਿਲਾਫ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਸੀ।ਜਿਸ ਤੋਂ ਬਾਅਦ ਤਲਬੀਰ ਨੇ ਧਰਨਾ ਦੇਣ ਦਾ ਐਲਾਨ ਕੀਤਾ ਸੀ।