ਅਕਾਲੀ ਲੀਡਰ ਦੀ ਗੁੰਡਾਗਰਦੀ, ਸ਼ਰੇਆਮ ਚਲਾਈਆਂ ਗੋਲੀਆਂ
ਏਬੀਪੀ ਸਾਂਝਾ | 15 Jul 2016 06:52 AM (IST)
ਲੁਧਿਆਣਾ: ਅਕਾਲੀ ਦਲ ਦੇ ਲੀਡਰਾਂ ਦੀ ਗੁੰਡਾਗਰਦੀ ਹਮੇਸ਼ਾ ਹੀ ਚਰਚਾ ਵਿੱਚ ਬਣੀ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਇੱਕ ਅਕਾਲੀ ਲੀਡਰ ਨੇ ਆਪਣੀ ਲਾਇਸੰਸੀ ਪਿਸਤੌਲ ਨਾਲ ਫਾਇਨਾਂਸ ਕੰਪਨੀ ਦੇ ਕਰਮੀਆਂ 'ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਸੰਨੀ ਨਾਂ ਦੇ ਇੱਕ ਵਿਅਕਤੀ ਦੀ ਬਾਂਹ 'ਤੇ ਗੋਲੀ ਲੱਗੀ ਹੈ ਤੇ ਇਸ ਵੇਲੇ ਉਹ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਦਰਅਸਲ ਅਕਾਲੀ ਦਲ ਦੇ ਲੁਧਿਆਣਾ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਦੀ ਪਤਨੀ ਨੇ ਪ੍ਰਾਈਵੇਟ ਕੰਪਨੀ ਤੋਂ ਲੈਪਟਾਪ ਫਾਇਨਾਂਸ ਕਰਵਾਇਆ ਸੀ। ਇਸ ਲਈ ਉਨ੍ਹਾਂ ਨੇ ਕੁੱਲ 18 ਕਿਸ਼ਤਾਂ ਦੇਣੀਆਂ ਸਨ ਤੇ ਕੁਝ ਕਿਸ਼ਤਾਂ ਦੇਣ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਲੈਪਟਾਪ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਕੰਪਨੀ ਨੂੰ ਚੈੱਕ ਵੀ ਦਿੱਤੇ ਸਨ। ਲਗਾਤਾਰ ਚਾਰ ਕਿਸ਼ਤਾਂ ਨਾ ਦਿੱਤੀਆਂ ਜਾਣ 'ਤੇ ਕੰਪਨੀ ਨੇ ਉਹ ਚੈੱਕ ਬੈਂਕ ਵਿੱਚ ਲਾ ਦਿੱਤਾ। ਉਹ ਚੈੱਕ ਵੀ ਬਾਊਂਸ ਹੋ ਗਿਆ। ਇਸ 'ਤੇ ਕੰਪਨੀ ਨੇ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਗੁਰਮੀਤ ਕੌਰ ਨੂੰ ਕੋਰਟ ਦਾ ਨੋਟਿਸ ਮਿਲਿਆ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਦੁਕਾਨ 'ਤੇ ਚਲੀ ਗਈ। ਇੱਥੇ ਉਸ ਨੇ ਦੁਕਾਨ ਵਿੱਚ ਤੋੜਫੋੜ ਸ਼ੁਰੂ ਕਰ ਦਿੱਤੀ। ਇਹ ਨਹੀਂ ਉੱਥੇ ਬੈਠੇ ਬਜ਼ੁਰਗ ਬਲਬੀਰ ਸਿੰਘ ਦੀ ਲੱਤ ਵੀ ਤੋੜ ਦਿੱਤੀ। ਇਸ ਤੋਂ ਬਾਅਦ ਬਲਬੀਰ ਸਿੰਘ ਨੇ ਆਪਣੇ ਪੁੱਤਰ ਨੂੰ ਫੋਨ ਕਰ ਕੇ ਬੁਲਾਇਆ ਜਿਸ ਨੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਤੋਂ ਬਾਅਦ ਫਾਇਨਾਂਸ ਕੰਪਨੀ ਨੇ ਇੱਕ ਕਰਮੀ ਨੂੰ ਘਰ ਭੇਜਿਆ। ਜਦੋਂ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਅਕਾਲੀ ਲੀਡਰ ਨੂੰ ਗੁੱਸਾ ਆ ਗਿਆ। ਉਸ ਨੇ ਆਪਣੀ ਲਾਇਸੰਸੀ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆ ਜਿਸ ਵਿੱਚ ਉਹ ਕਰਮਚਾਰੀ ਜਖ਼ਮੀ ਹੋ ਗਿਆ। ਇਸ ਘਟਨਾ ਬਾਰੇ ਜਦੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਅਕਾਲੀ ਆਗੂ ਦੀ ਪਤਨੀ ਗੁਰਮੀਤ ਕੌਰ ਦਾ ਕਹਿਣਾ ਹੈ ਕਿ 30 ਹਜ਼ਾਰ ਦੇ ਲੈਪਟਾਪ ਦੇ ਬਦਲੇ 70 ਹਜ਼ਾਰ ਦਾ ਚੈੱਕ ਲਾ ਦਿੱਤਾ। ਫਿਰ ਕੰਪਨੀ ਨੇ ਗੁੰਡੇ ਭੇਜ ਕੇ ਘਰ 'ਤੇ ਹਮਲਾ ਕਰਵਾਇਆ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸੁਰੱਖਿਆ ਲਈ ਹੀ ਫਾਇਰ ਕੀਤਾ ਸੀ।