ਦਫਤਰ 'ਚ ਹੀ ਕੁਵੈਤ ਦੀ ਅੰਬੈਸੀ ਖੋਲ੍ਹ 150 ਲੋਕਾਂ ਨੂੰ ਠੱਗਿਆ
ਏਬੀਪੀ ਸਾਂਝਾ | 14 Jul 2016 12:46 PM (IST)
ਜਲੰਧਰ: ਪੁਲਿਸ ਨੇ ਵਿਦੇਸ਼ਾਂ ਵਿੱਚ ਭੇਜਣ ਦੇ ਨਾਂ 'ਤੇ ਠੱਗਣ ਦੇ ਇਲਜ਼ਾਮ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਪਾਸਪੋਰਟ ਤੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਇਨ੍ਹਾਂ ਨੂੰ ਰਿਮਾਂਡ 'ਤੇ ਲੈ ਕੇ ਹੋਰ ਪੁੱਛਗਿੱਛ ਕਰਨ ਦੀ ਤਿਆਰੀ ਵਿੱਚ ਹੈ। ਪੁਲਿਸ ਮੁਤਾਬਕ ਮੁਲਜ਼ਮ ਬਲਵਿੰਦਰ ਸਿੰਘ ਤੇ ਯੁਗਰਾਜ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਦਫਤਰ ਨੂੰ ਕੁਵੈਤ ਦੀ ਰਾਜਧਾਨੀ ਬਣਾਇਆ ਹੋਇਆ ਸੀ। ਇੱਥੋਂ ਉਹ ਲੋਕਾਂ ਤੋਂ ਲੱਖਾਂ ਰੁਪਏ ਠੱਗ ਕੇ ਜਾਅਲੀ ਵੀਜ਼ਾ ਦਿੰਦੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ 119 ਪਾਸਪੋਰਟ, 29 ਜਾਅਲੀ ਵੀਜ਼ੇ, 161 ਜਾਅਲੀ ਆਫਰ ਲੈਟਰ, 221 ਹਲਫੀਆ ਬਿਆਨ, 71 ਲਾਇਸੰਸ, 14 ਸਕੂਲ ਸਰਟੀਫਿਕੇਟ, 64 ਜਾਅਲੀ ਮੈਡੀਕਲ ਸਰਟੀਫਿਕੇਟ ਤੇ ਇੱਕ ਟਾਟਾ ਸਫਾਰੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਬਲਵਿੰਦਰ ਸਿੰਘ ਤੇ ਯੁਗਰਾਜ ਸਿੰਘ ਨੇ 2015 ਵਿੱਚ ਅੰਮ੍ਰਿਤਸਰ ਵਿਖੇ ਆਪਣਾ ਠੱਗੀ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਇਹ ਲੋਕ ਕਰੀਬ 150 ਲੋਕਾਂ ਨੂੰ ਕੁਵੈਤ ਭੇਜਣ ਦੇ ਨਾਂ 'ਤੇ ਠੱਗ ਚੁੱਕੇ ਹਨ। ਇਨ੍ਹਾਂ ਵਿੱਚੋਂ ਇੱਕ ਖਿਲਾਫ ਜਲੰਧਰ ਦੇ ਥਾਣਾ 7 ਵਿੱਚ ਕੇਸ ਵੀ ਦਰਜ ਹੈ। ਉਨ੍ਹਾਂ ਅਨੁਸਾਰ 96 ਲੋਕਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ।