ਐਸ.ਵਾਈ.ਐਲ. 'ਤੇ ਕਾਂਗਰਸ ਦੀ ਬਾਦਲ ਨੂੰ ਵੰਗਾਰ
ਏਬੀਪੀ ਸਾਂਝਾ | 14 Jul 2016 10:36 AM (IST)
ਚੰਡੀਗੜ੍ਹ: "ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਸ.ਵਾਈ.ਐਲ. 'ਤੇ ਲੋਕਾਂ ਨੂੰ ਕੁਰਬਾਨੀ ਦੇਣ ਨੂੰ ਨਾ ਕਹਿਣ ਸਗੋਂ ਆਪ ਕੁਰਬਾਨੀ ਦੇਣ ਜਾਂ ਸੁਖਬੀਰ ਬਾਦਲ ਨੂੰ ਕੁਰਬਾਨੀ ਲਈ ਤਿਆਰ ਕਰਨ। ਮੈਂ ਵੀ ਉਨ੍ਹਾਂ ਨਾਲ ਕੁਰਬਾਨੀ ਦੇਣ ਨੂੰ ਤਿਆਰ ਹਾਂ।" ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਨੀਲ ਕੁਮਾਰ ਜਾਖੜ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਹਰ ਵਾਰ ਬਾਦਲ ਪੰਜਾਬੀਆਂ ਨੂੰ ਕੁਰਬਾਨੀ ਲਈ ਤਿਆਰ ਰਹਿਣ ਦੀ ਗੱਲ ਕਹਿੰਦੇ ਹਨ ਤੇ ਖ਼ੁਦ ਕੁਰਬਾਨੀ ਤੋਂ ਪਿੱਛੇ ਹਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬੀ ਬਾਦਲ ਪਰਿਵਾਰ ਦੇ ਜਾਲ 'ਚ ਨਹੀਂ ਫਸਣਗੇ ਕਿਉਂਕਿ ਉਹ ਸੱਚਾਈ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮਸਲੇ 'ਤੇ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਤੇ ਹੁਣ ਵੀ ਉਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸ.ਵਾਈ.ਐਲ. ਦਾ ਨੋਟੀਫਿਕੇਸ਼ਨ ਖ਼ੁਦ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ। ਜਾਖੜ ਨੇ ਕਿਹਾ ਕਿ ਪੰਜਾਬ 'ਚ ਪਾਣੀਆਂ ਦੀ ਰਾਖੀ ਹਮੇਸ਼ਾ ਕਾਂਗਰਸ ਨੇ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪਾਣੀਆਂ ਦੇ ਹੱਕ 'ਚ ਵੱਡਾ ਫੈਸਲਾ ਲਿਆ ਗਿਆ ਜਦੋਂਕਿ ਬਾਦਲ ਸਰਕਾਰ ਨੇ ਕੈਪਟਨ ਨੇ ਫੈਸਲੇ ਨੂੰ ਕਾਪੀ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਪੁੱਛਿਆ ਕਿ ਉਹ ਮੋਦੀ ਸਰਕਾਰ ਦੇ ਭਾਈਵਾਲ ਹਨ ਤੇ ਇਸ ਲਈ ਉਹ ਕੇਂਦਰ ਸਰਕਾਰ ਤੋਂ ਪਾਣੀਆਂ ਦੇ ਮਸਲੇ ਨੂੰ ਹੱਲ ਕਿਉਂ ਨਹੀਂ ਕਰਵਾਉਂਦੇ।