ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੇਜਰੀਵਾਲ ਨੂੰ ਚੇਤਾਵਨੀ
ਏਬੀਪੀ ਸਾਂਝਾ | 14 Jul 2016 08:09 AM (IST)
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਧਰਮ ਜਾਂ ਧਾਰਮਿਕ ਅਸਥਾਨ ਦਾ ਇਸਤੇਮਾਲ ਨਾ ਕਰਨ। ਉਨ੍ਹਾਂ ਕਿਹਾ ਕਿ ਆਦਮੀ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਮੈਨੀਫੈਸਟੋ ਝੂਠ ਦਾ ਪੁਲੰਦਾ ਹੈ। ਕਿਸੇ ਵੀ ਅਜਿਹੇ ਝੂਠੇ ਦਸਤਵੇਜ਼ 'ਤੇ ਸੱਚਖੰਡ ਹਰਿਮੰਦਰ ਸਾਹਿਬ ਦੀ ਤਸਵੀਰ ਲਾਉਣਾ ਬਹੁਤ ਹੀ ਗ਼ਲਤ ਗੱਲ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਧਰਮ ਦੇ ਨਾਂ 'ਤੇ ਗੁੰਮਰਾਹ ਕਰ ਰਹੀਆਂ ਹਨ। ਉਨ੍ਹਾਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਧਰਮ ਨੂੰ ਰਾਜਨੀਤੀ ਲਈ ਇਸਤਮਾਲ ਨਾ ਕਰਨ। ਉਨ੍ਹਾਂ ਕਿਹਾ ਕਿ ਕਿਸੇ ਮੈਨੀਫੈਸਟੋ ਦੀ ਤੁਲਨਾ ਗੁਰੂ ਗ੍ਰੰਥ ਸਾਹਿਬ ਨਾਲ ਕਰਨੀ ਤੇ ਕੇਜਰੀਵਾਲ ਵੱਲੋਂ ਨਿਹੰਗ ਸਿੰਘ ਦਾ ਬਾਣਾ ਪਾਉਣ ਵਾਲੀ ਤਸਵੀਰ ਮੈਗਜ਼ੀਨ ਦੇ ਕਵਰ ਪੇਜ 'ਤੇ ਲੱਗਣੀ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਨੂੰ ਅਗਾਹ ਕੀਤਾ ਕਿ ਉਹ ਭਵਿੱਖ ਵਿੱਚ ਅਜਿਹੀ ਕੋਈ ਵੀ ਗ਼ਲਤੀ ਨਾ ਕਰਨ ਕਿ ਸਿੱਖ ਵੱਲੋਂ ਕੋਈ ਅਜਿਹਾ ਪ੍ਰੋਗਰਾਮ ਉਲੀਕ ਦਿੱਤਾ ਜਾਵੇ ਜਿਸ ਨਾਲ ਉਨ੍ਹਾਂ ਲਈ ਕੋਈ ਵੱਡੀ ਮੁਸ਼ਕਲ ਪੈਦਾ ਹੋ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਸਮੁੱਚੇ ਸੰਸਾਰ ਦੇ ਸਿੱਖਾਂ ਨੂੰ ਇੱਕਜੁਟ ਹੋਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਜੇਕਰ ਸਿੱਖਾਂ ਦੇ ਆਪਸ ਵਿੱਚ ਹੀ ਮਤਭੇਦ ਹੋਣਗੇ ਤਾਂ ਉਨ੍ਹਾਂ ਨੂੰ ਦੇਸ਼ ਵਿਦੇਸ਼ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਕਿਸ ਤਰ੍ਹਾਂ ਹੱਲ ਹੋਣਗੀਆਂ।