ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਿੰਡ ਦਾਊਕੇ ਦੀ ਮੌਜੂਦਾ ਮਹਿਲਾ ਸਰਪੰਚ ਦੇ ਮੁੰਡੇ ਲਖਵਿੰਦਰ ਸਿੰਘ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਪਿੰਡ ਤੋਂ ਹੀ ਗ੍ਰਿਫ਼ਤਾਰ ਕੀਤਾ। ਲਖਵਿੰਦਰ ਸਿੰਘ ’ਤੇ ਪਾਕਿਸਤਾਨ ਦੇ ਤਸਕਰਾਂ ਨਾਲ ਕਥਿਤ ਸਬੰਧ ਹੋਣ ਦਾ ਇਲਜ਼ਾਮ ਹੈ।
ਬੀਐਸਐਫ ਨੇ ਮੁਲਜ਼ਮ ਲਖਵਿੰਦਰ ਸਿੰਘ ਨੂੰ ਸਰਹੱਦੀ ਖੇਤਰ ਵਿੱਚੋਂ ਸ਼ੱਕੀ ਹਾਲਤ ਵਿੱਚ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਈ ਖ਼ੁਲਾਸੇ ਕੀਤੇ ਹਨ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਏਏਪੀ ਡੀ ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਪਾਕਿਸਤਾਨ ਦੇ ਨਾਮੀ ਤਸਕਰਾਂ ਤੋਂ ਇਲਾਵਾ ਭਾਰਤੀ ਤਸਕਰਾਂ ਨਾਲ ਖ਼ਾਸੇ ਸਬੰਧ ਹਨ। ਪਿਛਲੇ ਦਿਨੀਂ ਉਸ ਨੇ ਕਰੀਬ 20 ਕਿੱਲੋ ਹੈਰੋਇਨ ਮੰਗਵਾਈ ਸੀ। ਹੁਣ ਵੀ ਉਹ ਸਰਹੱਦੀ ਇਲਾਕੇ ਵਿੱਚ ਹੈਰੋਇਨ ਲੈਣ ਹੀ ਗਿਆ ਸੀ ਪਰ ਇਸ ਵਾਰ ਬੀਐਸਐਫ ਨੇ ਉਸ ਨੂੰ ਕਾਬੂ ਕਰ ਲਿਆ।