ਚੰਡੀਗੜ੍ਹ: ਡੇਰਾ ਬਾਬਾ ਨਾਨਕ ’ਚ ਪੰਚਾਇਤ ਸੰਮਤੀ ਲਈ ਨਾਮਜ਼ਦਗੀਆਂ ਸਬੰਧੀ ਅਕਾਲੀ ਤੇ ਕਾਂਗਰਸੀ ਵਰਕਰਾਂ ’ਚ ਟਕਰਾਅ ਪਿੱਛੋਂ ਪੱਥਰਬਾਜ਼ੀ ਹੋਈ ਜਿਸ ਵਿੱਚ ਮੰਤਰੀ ਸੁਖਜਿੰਦਰ ਸਿੰਘ ਦੇ ਅਕਾਲੀ ਦਲ ਨਾਲ ਸਬੰਧਤ ਵੱਡੇ ਭਰਾ ਸਮੇਤ ਕਰੀਬ 15 ਜਣੇ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਅਕਾਲੀ ਦਲ ਵੱਲੋਂ ਡੇਰਾ ਬਾਬਾ ਨਾਨਕ ਕਸਬਾ ਦੇ ਮੁੱਖ ਚੋਂਕ ਵਿੱਚ ਕਾਂਗਰਸ ਵਰਕਰਾਂ ਖ਼ਿਲਫ਼ ਮਾਮਲੇ ਦਰਜ ਕਰਵਾਉਣ ਦਾ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਅਕਾਲੀ ਦਲ ਲੀਡਰ ਇੰਦਰਜੀਤ ਸਿੰਘ ਰੰਧਾਵਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਾਂਗਰਸ ਮੰਤਰੀ ਸੁਖਜਿੰਦਰ ਸਿੰਘ ਦੇ ਗੁੰਡਿਆਂ ਨੇ ਪੰਚਾਇਤ ਸੰਮਤੀ ਵਿੱਚ ਅਕਾਲੀ ਵਰਕਰਾਂ ਉੱਤੇ ਹਮਲਾ ਕੀਤਾ ਤੇ ਉਨ੍ਹਾਂ ਸਮੇਤ ਕਈ ਸਥਾਨਕ ਅਕਾਲੀ ਦਲ ਲੀਡਰਾਂ ਤੇ ਵਰਕਰਾਂ ਨੂੰ ਜ਼ਖ਼ਮੀ ਕੀਤਾ ਹੈ। ਅਕਾਲੀ ਦਲ ਨੇ ਕਿਹਾ ਕਿ ਕਾਂਗਰਸੀ ਚਾਹੁੰਦੇ ਹੀ ਨਹੀਂ ਕਿ ਅਕਾਲੀ ਦਲ ਉਮੀਦਵਾਰ ਚੋਣਾਂ ’ਚ ਨਾਮਜ਼ਦਗੀਆਂ ਭਰਨ। ਝੜਪ ਪਿੱਛੋਂ ਅਕਾਲੀ ਦਲ ਦੇ ਸਥਾਨਕ ਲੀਡਰਾਂ ਸਮੇਤ ਵੱਡੀ ਗਿਣਤੀ ’ਚ ਅਕਾਲੀ ਵਰਕਰਾਂ ਨੇ ਡੇਰਾ ਬਾਬਾ ਨਾਨਕ ’ਚ ਧਰਨਾ ਲਾਇਆ। ਉਨ੍ਹਾਂ ਹਮਲਾ ਕਰਨ ਵਾਲੇ ਕਾਂਗਰਸੀ ਗੁੰਡਿਆਂ ਵਿਰੁੱਧ ਮਾਮਲਾ ਦਰਜ ਕਰਨ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਇਸ ਮਾਮਲੇ ਸਬੰਧੀ ਡੇਰਾ ਬਾਬਾ ਨਾਨਕ ਦੇ ਡੀਐਸਪੀ ਨੇ ਮੌਕੇ ’ਤੇ ਪਹੁੰਚ ਕੇ ਧਰਨਾ ਸ਼ਾਂਤ ਕਰਵਾਇਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁੱਝ ਮੋਬਾਈਲ ਕਲਿੱਪ ਵੀ ਮਿਲੀਆਂ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾਏਗੀ। ਇਸਤੋਂ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।