ਚੰਡੀਗੜ੍ਹ: ਅਕਾਲੀ-ਬੀਜੇਪੀ ਸਰਕਾਰ ਵੱਲੋਂ ਜਲੰਧਰ ’ਚ 274 ਕਰੋੜ ਰੁਪਏ ਨਾਲ ਪਾਸ ਕੀਤਾ ਐਲਈਡੀ ਲਾਈਟਾਂ ਬਦਲਣ ਦਾ ਪ੍ਰੋਜੈਕਟ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਮਾਮਲੇ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੇ ਕੌਂਸਲਰ ਰੋਹਣ ਸਹਿਗਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਹਨ। ਆਪਣੀ ਹੀ ਸਰਕਾਰ ਤੋਂ ਖਫਾ ਸਹਿਗਲ ਨੇ ਪਾਰਟੀ ਦੇ ਮੇਅਰ ਤੇ ਇੱਕ ਵਿਧਾਇਕ 'ਤੇ ਸਵਾਲ ਚੁੱਕੇ ਹਨ। ਦਰਅਸਲ ਮੇਅਰ ਸੁਨੀਲ ਜੋਤੀ ਨੇ 274 ਕਰੋੜ ਰੁਪਏ ਦਾ ਐਲਈਡੀ ਲਾਈਟਾਂ ਬਦਲਣ ਤੇ ਉਨ੍ਹਾਂ ਦੀ ਦੇਖਭਾਲ ਦਾ ਟੈਂਡਰ ਪਾਸ ਕੀਤਾ ਸੀ। ਰੋਹਨ ਸਹਿਗਲ ਇਸੇ ਸਿੰਗਲ ਬਿੱਡ 'ਤੇ ਪਾਸ ਕੀਤੇ ਉਸ ਟੈਂਡਰ 'ਤੇ ਸਵਾਲ ਚੁੱਕ ਰਹੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਦੀ ਜਾਂਚ ਲਈ ਕਿਹਾ ਹੈ। ਇਸ ਸਬੰਧੀ ਰੋਹਨ ਸਹਿਗਲ ਨੇ ਕਿਹਾ ਕਿ ਜੇਕਰ ਲੋਕਲ ਬਾਡੀ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਬਾਰੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੇਅਰ ਤੇ ਵਿਧਾਇਕ ਬੇਰੀ ਨੇ ਫੋਨ ਕਰਕੇ ਲਾਈਟਾਂ ਲਾਉਣ ਲਈ ਕਿਹਾ ਸੀ। ਉਨ੍ਹਾਂ ਮੇਅਰ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਕੰਪਨੀ ਲਾਈਟਾਂ ਬਦਲਣ ਵਿੱਚ ਵੀ ਘਪਲਾ ਕਰ ਰਹੀ ਹੈ। 60 ਵਾਟ ਦੀਆਂ ਐਲਈਡੀ ਲਾਈਟਾਂ ਦੀ ਥਾਂ 18 ਵਾਟ ਦੀਆਂ ਲਾਈਟਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਟੈਂਡਰ ਹੀ ਇਸ ਤਰੀਕੇ ਨਾਲ ਬਣਾਇਆ ਕਿ ਹੋਰ ਕੋਈ ਆਇਆ ਹੀ ਨਹੀਂ। ਇੱਕ ਟੈਂਡਰ 'ਤੇ ਹੀ ਇੰਨਾ ਵੱਡਾ ਪ੍ਰੋਜੈਕਟ ਕੰਪਨੀ ਨੂੰ ਦੇ ਦਿੱਤਾ ਗਿਆ ਜਿਸ ਨੂੰ ਸਰਕਾਰ ਨੇ ਵੀ ਬਲੈਕ ਲਿਸਟ ਕਰ ਦਿੱਤਾ ਹੈ। ਇਸ ਕਥਿਤ ਘੁਟਾਲੇ ਬਾਰੇ ਅਵਾਜ਼ ਚੁੱਕਣ 'ਤੇ ਰੋਹਣ ਸਹਿਗਲ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ ਤੇ ਉਹ ਢਿੱਲੀ ਕਾਰਗੁਜ਼ਾਰੀ ਕਰਕੇ ਪੁਲਿਸ ਤੇ ਪ੍ਰਸ਼ਾਸਨ ਤੋਂ ਵੀ ਖਫਾ ਹਨ। ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਧਮਕੀ ਦੇਣ ਵਾਲਿਆਂ ਦੇ ਸੀਸੀਟੀਵੀ ਫੁਟੇਜ ਕਢਵਾ ਕੇ ਦੇਣ। ਇਹ ਪ੍ਰੋਜੈਕਟ ਅਕਾਲੀ-ਬੀਜੇਪੀ ਦੇ ਮੇਅਰ ਸੁਨੀਲ ਜਯੋਤੀ ਨੇ ਆਪਣੇ ਵੇਲੇ ਪਾਸ ਕੀਤਾ ਸੀ। ਉਨ੍ਹਾਂ ਇਸ ਸਭ ਕਾਸੇ ਨੂੰ ਘਪਲਾ ਨਾ ਮੰਨ ਕੇ ਕਾਂਗਰਸੀਆਂ ਨੂੰ ਸਹੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਸਾਬਕਾ ਮੇਅਰ ਜੋਤੀ ਨੇ ਕਿਹਾ ਕਿ ਕਿਸੇ ਦੇ ਕਹਿਣ ਨਾਲ ਕੋਈ ਚੀਜ਼ ਫਰੌਡ ਨਹੀਂ ਹੁੰਦੀ। ਇਹ ਟੈਂਡਰ 2016 ਵਿੱਚ ਹੋਇਆ ਸੀ। ਸਿੰਗਲ ਟੈਂਡਰ ਪਿਛਲੀ ਸਰਕਾਰ ਨੇ ਹੀ ਪਾਸ ਕੀਤੇ ਸਨ ਤੇ ਟੈਂਡਰ ਉਸੇ ਮੁਤਾਬਕ 10 ਸਾਲਾਂ ਲਈ ਦਿੱਤਾ ਗਿਆ। ਇਹ ਘਪਲਾ ਨਹੀਂ। ਉਨ੍ਹਾਂ ਕਿਹਾ ਕਿ ਇਸ ਦੀ ਸਾਰੀ ਜ਼ਿੰਮੇਵਾਰੀ ਕੰਪਨੀ ਦੀ ਹੈ। ਸਰਕਾਰ ਜਾਂਚ ਕਰਵਾ ਲਵੇ ਤੇ ਜੇਕਰ ਕੋਈ ਗੜਬੜ ਲੱਭਦੀ ਹੈ ਤਾਂ ਪ੍ਰੋਜੈਕਟ ਰੱਦ ਕਰ ਦੇਣ। ਕੌਂਸਲਰ ਰੋਹਣ ਸਹਿਗਲ ਦੇ ਇਲਜ਼ਾਮਾਂ 'ਤੇ ਕਾਂਗਰਸ ਪਾਰਟੀ ਦੇ ਹੀ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਉਹ ਘਪਲਾ ਕਰਨ ਵਾਲਿਆਂ ਖਿਲਾਫ ਖੜੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਦਾ ਹਰ ਫੈਸਲਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।