ਮਾਨਸਾ: ਏਸ਼ੀਅਨ ਖੇਡਾਂ ਵਿੱਚ ਮਾਨਸਾ ਦੇ ਤਿੰਨ ਖਿਡਾਰੀਆਂ ਨੇ ਸੋਨੇ ਤੇ ਚਾਂਦੀ ਦੇ ਤਗਮੇ ਜਿੱਤੇ। ਅੱਜ ਇਨ੍ਹਾਂ ਤਿੰਨਾਂ ਦਾ ਮਾਨਸਾ ਪੁੱਜਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਖਿਡਾਰੀਆਂ ਨੂੰ ਜੀਪ ਵਿੱਚ ਸਵਾਰ ਕਰਕੇ ਸ਼ਹਿਰ ਦਾ ਚੱਕਰ ਲਵਾਇਆ ਗਿਆ। ਬਾਅਦ ਵਿੱਚ ਇਨ੍ਹਾਂ ਦੇ ਨਾਂ ’ਤੇ ਬਣੇ ਚੌਕ ਦਾ ਉਦਘਾਟਨ ਵੀ ਕੀਤਾ ਗਿਆ। ਮਾਨਸਾ ਪਹੁੰਚੇ ਰੋਇੰਗ ਖਿਡਾਰੀ ਸਵਰਨ ਸਿੰਘ, ਅਰਜੁਨ ਐਵਾਰਡੀ ਤੇ ਮਹਿਲਾ ਕਬੱਡੀ ਖਿਡਾਰਨ ਮਨਪ੍ਰੀਤ ਨੇ ਪੰਜਾਬ ਸਰਕਾਰ ਦੀ ਖੇਡ ਨੀਤੀ ’ਤੇ ਸਵਾਲ ਉਠਾਏ। ਸਵਰਨ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਗੋਲਡ ਜਿੱਤਣ ਵਾਲਿਆਂ ਨੂੰ 3 ਕਰੋੜ ਰੁਪਏ ਦੇ ਰਹੀ ਹੈ। ਇਹ ਰਕਮ ਹਾਸਲ ਕਰਨ ਲਈ ਉਨ੍ਹਾਂ ਨੂੰ 10 ਗੋਲਡ ਮੈਡਲ ਜਿੱਤਣੇ ਪੈਣਗੇ ਪਰ ਪੰਜਾਬ ’ਚ ਅਜਿਹਾ ਕੁਝ ਵੀ ਨਹੀਂ। ਮਹਿਲਾ ਕਬੱਡੀ ਖਿਡਾਰਨ ਮਨਪ੍ਰੀਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਸ ਦੀ ਵਾਤ ਤਕ ਨਹੀਂ ਪੁੱਛੀ ਜਦਕਿ ਰਾਜਸਥਾਨ ਪੁਲਿਸ ਨੇ ਉਸ ਦੇ ਖੇਡ ਕਰੀਅਰ ਨੂੰ ਸੰਭਾਲਦਿਆਂ ਉਸ ਨੂੰ ਸਬ ਇੰਸਪੈਕਟਰ ਦੀ ਨੌਕਰੀ ਦਿੱਤੀ ਹੈ। ਪੰਜਾਬ ਸਰਕਾਰ ਨੇ ਤਾਂ ਉਸ ਨੂੰ ਕਾਂਸਟੇਬਲ ਵੀ ਭਰਤੀ ਨਹੀਂ ਕੀਤਾ। ਗੋਲਡ ਜੇਤੂ ਸੁਖਮੀਤ ਨੇ ਆਪਣੇ ਸਵਾਗਤ ਲਈ ਲੋਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਉਹ 2014 ਵਿੱਚ ਫੌਜ ’ਚ ਭਰਤੀ ਹੋਇਆ ਸੀ ਤੇ ਸਵਰਨ ਸਿੰਘ ਵਿਰਕ ਉਸ ਦਾ ਆਦਰਸ਼ ਹੈ। ਉਸੇ ਦੀ ਬਦੌਲਤ ਉਹ ਖੇਡਾਂ ’ਚ ਭਾਗ ਲੈਣ ਲੱਗਾ ਸੀ।