ਕਾਂਗਰਸੀਆਂ ਤੇ ਅਕਾਲੀਆਂ ਦਰਮਿਆਨ ਗੋਲ਼ੀ ਚੱਲੀ, ਇੱਕ ਫੱਟੜ
ਏਬੀਪੀ ਸਾਂਝਾ | 07 Sep 2018 02:29 PM (IST)
ਪ੍ਰਤੀਕਾਤਮਕ ਤਸਵੀਰ
ਮੋਗਾ: ਜ਼ਿਲ੍ਹੇ ਦੇ ਕਸਬੇ ਧਰਮਕੋਟ ਵਿੱਚ ਅਕਾਲੀ ਤੇ ਕਾਂਗਰਸੀ ਵਰਕਰਾਂ ਦਰਮਿਆਨ ਚੱਲੀ ਗੋਲ਼ੀ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਗੋਲ਼ੀ ਮੋਗਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਚੱਲੀ। ਨਾਮਜ਼ਦਗੀਆਂ ਦਾਖ਼ਲ ਕੀਤੇ ਜਾਣ ਦਾ ਅੱਜ ਆਖ਼ਰੀ ਦਿਨ ਹੋਣ ਕਾਰਨ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਕਾਫੀ ਜੋਸ਼ ਵਿੱਚ ਹਨ। ਜ਼ਖ਼ਮੀ ਦੀ ਪਛਾਣ ਦਾਤੇਵਾਲਾ ਪਿੰਡ ਦੇ 40 ਸਾਲਾ ਸਿਮਰਨਜੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਾਂਗਰਸੀ ਵਰਕਰ ਹੈ। ਮੋਗਾ ਦੇ ਸੀਨੀਅਰ ਪੁਲਿਸ ਕਪਤਾਨ ਗੁਰਪ੍ਰੀਤ ਤੂਰ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰਵਾਈ। ਇਸ ਟਕਰਾਅ ਵਿੱਚ ਅਕਾਲੀ ਵਰਕਰਾਂ ਦੀ ਸਕਾਰਪੀਓ ਗੱਡੀ ਦਾ ਨੁਕਸਾਨ ਵੀ ਹੋਇਆ ਹੈ। ਜ਼ਖ਼ਮੀ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਲੱਤ ਵਿੱਚ ਗੋਲ਼ੀ ਵੱਜੀ ਹੈ। ਧਰਮਕੋਟ ਵਿੱਚ ਅੱਗੇ ਤੋਂ ਅਜਿਹੀਆਂ ਵਾਰਦਾਤਾਂ ਹੋਣ ਤੋਂ ਰੋਕਣ ਲਈ ਸੁਰੱਖਿਆ ਵਧਾ ਦਿੱਤੀ ਹੈ।