ਮੈਲਬੌਰਨ: ਪੰਜਾਬੀਆਂ ਦੀ ਇਮਾਨਦਾਰੀ ਦੇ ਚਰਚਿਆਂ ਵਿੱਚ ਇੱਕ ਹੋਰ ਕਿੱਸਾ ਫ਼ਿਰੋਜ਼ਪੁਰ ਦੇ ਪਿੰਡ ਸੁਰ ਸਿੰਘ ਵਾਲਾ ਦੇ ਨੌਜਵਾਨ ਦਾ ਵੀ ਜੁੜ ਗਿਆ ਹੈ। ਟੈਕਸੀ ਚਾਲਕ ਵਜੋਂ ਕੰਮ ਕਰਦੇ ਬਲਵੰਤ ਸਿੰਘ ਢਿੱਲੋਂ ਨੇ ਆਪਣੀ ਕਾਰ ਵਿੱਚ ਬੈਠੀ ਸਵਾਰੀ ਦੀ ਆਪਣੇ ਵਿਆਹ ਲਈ ਖਰੀਦੀ ਮਹਿੰਗੇ ਭਾਅ ਦੀ ਮੁੰਦਰੀ ਮੋੜ ਕੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ।


ਆਸਟਰੇਲੀਆ ਦੇ ਪਰਥ ਸ਼ਹਿਰ ’ਚ ਟੈਕਸੀ ਚਲਾਉਂਣ ਵਾਲੇ ਬਲਵੰਤ ਨੇ ਸਵਾਰੀ ਨੂੰ ਕੁਝ ਹੀ ਦੂਰੀ ਤਕ ਉਸ ਦੀ ਮੰਜ਼ਿਲ 'ਤੇ ਛੱਡਿਆ ਸੀ। ਇਸ ਦੌਰਾਨ ਟੈਕਸੀ ਵਿੱਚ ਸਵਾਰ ਵਿਅਕਤੀ ਦੀ ਆਪਣੇ ਵਿਆਹ ਲਈ ਖਰੀਦੀ ਮੁੰਦਰੀ ਟੈਕਸੀ ਵਿੱਚ ਰਹਿ ਗਈ, ਜਿਸ ਦਾ ਪਤਾ ਲੱਗਣ ’ਤੇ ਇਸ ਸਵਾਰੀ ਦੀ ਪਛਾਣ ਅਤੇ ਗੁਆਚੀ ਮੁੰਦਰੀ ਬਾਰੇ ਟੈਕਸੀ ਕੰਪਨੀ ਨੇ ਸਾਰੇ ਡਰਾਈਵਰਾਂ ਨੂੰ ਸੂਚਿਤ ਕਰ ਦਿੱਤਾ।

ਇਸ ਤੋਂ ਬਾਅਦ ਬਲਵੰਤ ਨੇ ਉਕਤ ਸਵਾਰੀ ਨਾਲ ਸੰਪਰਕ ਕਰਕੇ ਉਸ ਦੀ ਮੁੰਦਰੀ ਵਾਪਸ ਦਿੱਤੀ। ਇਸ ਮੁੰਦਰੀ ਦੀ ਕੀਮਤ ਕਰੀਬ 25 ਹਜ਼ਾਰ ਆਸਟਰੇਲੀਅਨ ਡਾਲਰ ਯਾਨੀ ਕਰੀਬ ਸਾਢੇ ਬਾਰਾਂ ਲੱਖ ਭਾਰਤੀ ਰੁਪਏ ਹੈ। ਮੁੰਦਰੀ ਵਾਪਸ ਮਿਲਣ 'ਤੇ ਬਲਵੰਤ ਦੀ ਸਵਾਰੀ ਨੇ ਉਸ ਨੂੰ ਇਨਾਮ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੇ ਆਪਣਾ ਫ਼ਰਜ਼ ਦੱਸਦਿਆਂ ਇਨਾਮ ਲੈਣ ਤੋਂ ਇਨਕਾਰ ਕਰ ਦਿੱਤਾ। ਸਾਲ 2015 ਤੋਂ ਇੱਥੇ ਵਿਦਿਆਰਥੀ ਵਜੋਂ ਆਏ ਬਲਵੰਤ ਸਿੰਘ ਢਿੱਲੋਂ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੈਕਸੀ ਚਾਲਕ ਵਜੋਂ ਇਮਾਨਦਾਰੀ ਮੁੱਢਲੀ ਜ਼ਿੰਮੇਵਾਰੀ ਹੈ।