ਨਵੀਂ ਦਿੱਲੀ: ਅੱਜ ਭਾਰਤ-ਅਮਰੀਕਾ ਵਿਚਾਲੇ ਪਹਿਲੀ 2+2 ਵਾਰਤਾ ਹੋਈ। ਗੱਲਬਾਤ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਸ਼ਾਮਲ ਹੋਏ। ਅਮਰੀਕਾ ਵੱਲੋਂ ਮਾਇਕ ਪੋਂਪੀਓ ਤੇ ਜੇਮਸ ਮੈਟਿਸ ਨੇ ਹਿੱਸਾ ਲਿਆ। ਇਸ ਦੌਰਾਨ ਕੌਮਸੀਏਐਸਏ 'ਤੇ ਦਸਤਖਤ ਹੋਏ। ਇਸ ਤਹਿਤ ਅਮਰੀਕਾ ਦੇ ਆਧੁਨਿਕ ਹਥਿਆਰਾਂ ਤੇ ਤਕਨੀਕ ਦੀ ਵਰਤੋਂ ਭਾਰਤ ਕਰ ਸਕੇਗਾ। ਅੱਤਵਾਦ ਦੇ ਮੁੱਦੇ 'ਤੇ ਦੋਵੇਂ ਦੇਸ਼ਾਂ ਨੇ ਇਕੱਠੇ ਲੜ੍ਹਨ ਦਾ ਫੈਸਲਾ ਕੀਤਾ।


ਸੁਸ਼ਮਾ ਨੇ ਕਿਹਾ ਇਸ ਗੱਲਬਾਤ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੋਵੇਂ ਦੇਸ਼ਾਂ ਦੇ ਭਵਿੱਖ ਦੇ ਰਿਸ਼ਤਿਆਂ ਦੇ ਦਿਸ਼ਾ ਨਿਰਦੇਸ਼ ਤੈਅ ਕਰ ਚੁੱਕੇ ਹਨ।


ਮਾਇਕ ਪੋਮਪੀਓ ਨੇ ਕਿਹਾ ਕਿ ਸਾਨੂੰ ਸਮੁੰਦਰ, ਅਕਾਸ਼ 'ਚ ਆਉਣ ਜਾਣ ਦੀ ਆਜ਼ਾਦੀ ਪੱਕੀ ਕਰਨੀ ਚਾਹੀਦੀ ਹੈ। ਦੋਵੇਂ ਦੇਸ਼ ਇਕ-ਦੂਜੇ ਦੀ ਬਜ਼ਾਰ ਆਧਾਰਤ ਅਰਥ-ਵਿਵਸਥਾ ਤੇ ਗੁਡ ਗਵਰਨੈਂਸ ਨੂੰ ਅੱਗੇ ਵਧਾਉਣਗੇ। ਅਰਥ-ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਬਾਹਰੀ ਤਾਕਤਾਂ ਤੋਂ ਰੱਖਿਆ ਕੀਤੀ ਜਾਵੇਗੀ। ਦੋਵੇਂ ਦੇਸ਼ ਲੋਕਤੰਤਰ, ਵਿਅਕਤੀਗਤ ਅਧਿਕਾਰਾਂ ਦਾ ਸਨਮਾਨ ਤੇ ਆਜ਼ਾਦੀ ਦਿੱਤੇ ਜਾਣ 'ਚ ਭਰੋਸਾ ਰੱਖਦੇ ਹਨ। ਭਾਰਤ ਪਹੁੰਚਣ ਤੋਂ ਪਹਿਲਾਂ ਪੋਂਪੀਓ ਨੇ ਕਿਹਾ ਸੀ ਕਿ ਵਾਰਤਾ 'ਚ ਭਾਰਤ ਤੇ ਰੂਸ ਮਿਜ਼ਾਇਲ ਸੌਦੇ ਤੇ ਇਰਾਨ ਤੋਂ ਤੇਲ ਆਯਾਤ ਕਰਨ 'ਤੇ ਗੱਲਬਾਤ ਹੋ ਸਕਦੀ ਹੈ ਪਰ ਇਸ 'ਤੇ ਜ਼ੋਰ ਨਹੀਂ ਰਹੇਗਾ।


ਜ਼ਿਕਰਯੋਗ ਹੈ ਕਿ ਜੂਨ 2017 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਲਨਡ ਟਰੰਪ ਵਿਚਾਲੇ ਵਾਈਟ ਹਾਊਸ 'ਚ ਮੁਲਾਕਾਤ ਹੋਈ ਸੀ। ਉਸ ਵੇਲੇ ਇਹ ਤੈਅ ਕੀਤਾ ਗਿਆ ਸੀ ਕਿ ਦੋ ਪੱਖੀ ਸਹਿਯੋਗ ਤਹਿਤ ਰੱਖਿਆ ਤਕਨੀਕ ਤੇ ਵਪਾਰਕ ਪਹਿਲ ਦੇ ਮੁੱਦਿਆਂ 'ਤੇ ਗੱਲ ਕਰਨ ਲਈ ਦੋਵੇਂ ਦੇਸ਼ ਹਰ ਸਾਲ ਦੋ ਵਾਰ ਬੈਠਕ ਕਰਨਗੇ।