ਇਸਲਾਮਾਬਾਦ: ਪਾਕਿਸਤਾਨ ਨੇ ਭਾਰਤ ਨਾਲ ਤਣਾਅ ਘਟਾਉਣ ਲਈ ਅਮਰੀਕਾ ਤੋਂ ਮਦਦ ਮੰਗੀ ਹੈ। ਉਸ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਨਾਲ ਲੱਗਣ ਵਾਲੀ ਪੱਛਮੀ ਸਰਹੱਦ 'ਤੇ ਧਿਆਨ ਦੇਣ ਲਈ ਉਹ ਪੂਰਬੀ ਬਾਰਡਰ 'ਤੇ ਸ਼ਾਂਤੀ ਚਾਹੁੰਦਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਅਮਰੀਕੀ ਹਮਰੁਤਬਾ ਮਾਈਕ ਪੋਂਪੀਓ ਨਾਲ ਬੈਠਕ ਵਿੱਚ ਇਸ ਬਾਰੇ ਵਿਚਾਰ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ 'ਤੇ ਗੋਲ਼ੀਬੰਦੀ ਦੀ ਉਲੰਘਣਾ ਕਾਰਨ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਆਪਣੇ ਸਾਰੇ ਗੁਆਂਢੀਆਂ ਨਾਲ ਸ਼ਾਂਤੀ ਚਾਹੁੰਦਾ ਹੈ ਤੇ ਕਦੇ ਵੀ ਗੱਲਬਾਤ ਤੋਂ ਪਿੱਛੇ ਨਹੀਂ ਹਟਿਆ ਪਰ ਤਾੜੀ ਮਾਰਨ ਲਈ ਦੋ ਹੱਥਾਂ ਦੀ ਲੋੜ ਪੈਂਦੀ ਹੈ।
ਦੱਸਣਯੋਗ ਹੈ ਕਿ ਉੜੀ ਵਿੱਚ ਫ਼ੌਜੀ ਕੈਂਪ 'ਤੇ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਗੱਲਬਾਤ ਠੱਪ ਹੈ। ਐਟਮ ਬੰਬਾਂ ਨਾਲ ਲੈਸ ਦੋਹਾਂ ਮੁਲਕਾਂ ਨੇ ਹੁਣ ਤਕ ਚਾਰ ਜੰਗਾਂ ਲੜੀਆਂ ਹਨ, ਜਿਨ੍ਹਾਂ ਵਿੱਚ ਕਸ਼ਮੀਰ ਸਮੇਤ ਹੋਰ ਵੀ ਕਈ ਮੁੱਦੇ ਭਾਰੀ ਰਹੇ। ਪਰ ਇਨ੍ਹਾਂ ਲੜਾਈਆਂ ਵਿੱਚ ਕੁਝ ਹਾਸਲ ਨਹੀਂ ਹੋਇਆ।
ਹਾਲਾਂਕਿ, ਭਾਰਤ-ਪਾਕਿ ਦਰਮਿਆਨ ਟੀਅਰ-2 ਪੱਧਰ ਦੀ ਗੱਲਬਾਤ ਮੁੜ ਤੋਂ ਪਟੜੀ 'ਤੇ ਆ ਰਹੀ ਹੈ ਪਰ ਪਾਕਿਸਤਾਨੀ ਦਹਿਸ਼ਤਗਰਦਾਂ ਦੀ ਕਾਰਵਾਈਆਂ ਗੱਲਬਾਤ ਨੂੰ ਹਮੇਸ਼ਾ ਲੀਹੋਂ ਲਾਹ ਸੁੱਟਦੀਆਂ ਹਨ।