ਸੋਸ਼ਲ ਮੀਡੀਆ ਖਾਤੇ ਬਲੌਕ ਹੋਣ ਮਗਰੋਂ ਐਸਐਫਜੇ ਦੀ ਕੈਪਟਨ ਤੇ ਰਾਜਨਾਥ ਨੂੰ ਧਮਕੀ
ਏਬੀਪੀ ਸਾਂਝਾ | 06 Sep 2018 11:44 AM (IST)
ਚੰਡੀਗੜ੍ਹ: ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਆਪਣਾ ਸੋਸ਼ਲ ਮੀਡੀਆ ਖਾਤਾ ਬੰਦ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਹੈ। ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿੱਟਰ ਤੇ ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਬੀਤੇ ਦਿਨ ਪੰਨੂੰ ਦਾ ਅਕਾਊਂਟਸ ਬਲੌਕ ਕਰ ਦਿੱਤਾ ਸੀ। ਆਪਣੇ ਵਿਰੁੱਧ ਹੋਈ ਇਸ ਕਾਰਵਾਈ ਤੋਂ ਬਾਅਦ ਪੰਨੂੰ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀ ਦਿੱਤੀ ਹੈ। ਪੰਨੂੰ ਨੇ ਕਿਹਾ ਕਿ ਇਹ ਦੋਵੇਂ ਲੀਡਰਾਂ ਨੂੰ ਐਸਐਫਜੇ ਨਾਲ ਕਾਨੂੰਨੀ ਲੜਾਈ ਲੜਨੀ ਪਵੇਗੀ। ਇੰਨਾ ਹੀ ਨਹੀਂ ਉਸ ਨੇ ਇਹ ਵੀ ਕਿਹਾ ਕਿ ਰਾਜਨਾਥ ਤੇ ਕੈਪਟਨ ਕਿਸੇ ਵੀ ਦੇਸ਼ ਵਿੱਚ ਜਾਣਗੇ ਉੱਥੇ ਵਿਰੋਧ ਦਾ ਸਾਹਮਣਾ ਕਰਨਗੇ। ਜ਼ਿਕਰਯੋਗ ਹੈ ਕਿ ਐਸਐਫਜੇ ਵੱਲੋਂ ਵ੍ਹੱਟਸਐਪ ਰਾਹੀਂ ਫੈਲਾਇਆ ਜਾ ਪ੍ਰਾਪੇਗੰਡਾ ਕਰਕੇ ਪੰਜਾਬ ਸਰਕਾਰ ਨੇ ਅਜਿਹੀ ਸਮੱਗਰੀ ਵਾਲੇ ਵ੍ਹੱਟਸਐਪ ਗਰੁੱਪਾਂ ਵਿਰੁੱਧ ਕੇਸ ਦਰਜ ਕਰਨ ਦਾ ਫੈਸਲਾ ਲਿਆ ਹੈ। ਇਸ 'ਤੇ ਪੰਨੂੰ ਨੇ ਖ਼ੁਦ ਨੂੰ ਅਜਿਹੇ ਵ੍ਹੱਟਐਪ ਗਰੁੱਪਾਂ ਦਾ ਐਡਮਿਨ ਬਣਾਉਣ ਲਈ ਕਿਹਾ ਹੈ ਤਾਂ ਜੋ ਉਹ ਵੀ ਕੇਸਾਂ ਦਾ ਸਾਹਮਣਾ ਕਰ ਸਕੇ।