ਨਵੀਂ ਦਿੱਲੀ: ਖ਼ਾਲਿਸਤਾਨ ਦੀ ਮੰਗ ਤੇ 2020 ਰਾਏਸ਼ੁਮਾਰੀ ਕਰ ਕੇ ਮਸ਼ਹੂਰ ਸੰਸਥਾ ਸਿੱਖਸ ਫਾਰ ਜਸਟਿਸ ਦਾ ਟਵਿੱਟਰ ਦੇ ਕਰਤਾ ਧਰਤਾ ਟਵਿੱਟਰ ਖਾਤਾ ਬੰਦ ਕਰ ਦਿੱਤਾ ਗਿਆ ਹੈ। ਮਾਈਕਰੋਬਲੌਗਿੰਗ ਵੈੱਬਸਾਈਟ ਟਵਿੱਟਰ ਵੱਲੋਂ ਐਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦਾ ਅਕਾਊਂਟ ਜਾਮ ਕਰਨ ਨੂੰ ਅਮਰੀਕਾ ਵਿੱਚ ਮਨਜੀਤ ਸਿੰਘ ਜੀਕੇ ਉੱਪਰ ਹਮਲਾ ਕਰਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।


ਹਾਲਾਂਕਿ, ਐਸਐਫਜੇ ਨੇ ਕਿਹਾ ਕਿ ਪੰਨੂ ਦਾ ਟਵਿੱਟਰ ਅਕਾਊਂਟ ਬਲਾਕ ਕਰਨ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ। ਜ਼ਿਕਰਯੋਗ ਹੈ ਕਿ ਪੰਨੂ ਨੇ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਚੇਤਾਵਨੀ ਦਿੱਤੀ ਸੀ ਕਿ ਜਾਂ ਤਾਂ ਉਹ ਰੈਫ਼ਰੰਡਮ ਦੀ ਹਮਾਇਤ ਕਰਨ ਨਹੀਂ ਫਿਰ ਉਨ੍ਹਾਂ ਨੂੰ ਅਮਰੀਕਾ, ਯੂਰੋਪ ਤੇ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।



ਐਤਵਾਰ ਨੂੰ ਭਾਰਤ ਵਾਪਸ ਪਰਤੇ ਜੀਕੇ ਨੇ ਐਸਐਫਜੇ ਦੀ ਧਮਕੀ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਸੰਵਿਧਾਨਕ ਮਰਿਆਦਾ ਵਿੱਚ ਰਹਿ ਕੇ ਸਿੱਖਾਂ ਦੇ ਹੱਕਾਂ ਲਈ ਖੜ੍ਹਨਗੇ। ਪਿਛਲੇ ਦਿਨੀਂ ਅਮਰੀਕਾ ਗਏ ਜੀਕੇ 'ਤੇ ਖ਼ਾਲਿਸਤਾਨ ਪੱਖੀਆਂ ਵੱਲੋਂ ਦੋ ਵਾਰ ਹਮਲਾ ਕੀਤਾ ਗਿਆ ਸੀ।