ਵਾਸ਼ਿੰਗਟਨ: ਅਗਸਤ ਮਹੀਨੇ 'ਚ ਅਮਰੀਕਾ ਦੇ ਇੱਕ ਸ਼ਹਿਰ ਉਟਾਹ 'ਚ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ। ਦਰਅਸਲ ਉੱਥੇ ਆਸਮਾਨ ਤੋਂ ਮੱਛੀਆਂ ਨੂੰ ਮਾਊਂਟੇਨ ਲੇਕ ਯਾਨੀ ਪਹਾੜਾਂ 'ਤੇ ਬਣੇ ਤਲਾਬ 'ਚ ਸੁੱਟਿਆ ਜਾ ਰਿਹਾ ਸੀ ਜੋ ਦੇਖਣਾ ਸੱਚਮੁਚ ਅਦਭੁਤ ਸੀ।
ਇਸ ਨਜ਼ਾਰੇ ਬਾਰੇ Utah Division of Wildlife Resources ਨਾਂ ਦੇ ਫੇਸਬੁਕ ਪੇਜ 'ਤੇ ਜਾਣਕਾਰੀ ਸਾਂਝੀ ਕੀਤੀ ਗਈ। ਇੱਕ ਪੋਸਟ 'ਚ ਕਿਹਾ ਗਿਆ ਕਿ ਤਲਾਬ 'ਚ ਸੁੱਟੀਆਂ ਗਈਆਂ ਮੱਛੀਆਂ 1 ਤੋਂ 3 ਸੈਂਟੀਮੀਟਰ ਲੰਮੀਆਂ ਸਨ। ਇਨ੍ਹਾਂ ਦੇ ਸਾਇਜ਼ ਦੀ ਵਜ੍ਹਾ ਨਾਲ ਹੈਲੀਕਾਪਟਰ ਤੋਂ ਤਲਾਬ 'ਚ ਸੁੱਟੇ ਜਾਣ ਤੋਂ ਬਾਅਦ ਇਨ੍ਹਾਂ 'ਚ 90% ਤੋਂ ਜ਼ਿਆਦਾ ਦੇ ਬਚਣ ਦੀ ਸੰਭਾਵਨਾ ਰਹਿੰਦੀ ਹੈ।
ਇਨ੍ਹਾਂ ਮੱਛੀਆਂ ਨੂੰ ਇਸ ਉਦੇਸ਼ ਨਾਲ ਪਹਾੜਾਂ 'ਤੇ ਬਣੇ ਤਲਾਬ 'ਚ ਛੱਡਿਆ ਜਾਂਦਾ ਹੈ ਤਾਂ ਕਿ ਇਲਾਕੇ 'ਚ ਆਉਣ ਵਾਲੇ ਟੂਰਿਸਟਾਂ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਉਟਾਹ ਦੀਆਂ ਪਹਾੜੀਆਂ ਹਾਇਕਿੰਗ ਲਈ ਕਾਫੀ ਮਸ਼ਹੂਰ ਹਨ ਤੇ ਇੱਥੇ ਆਉਣ ਵਾਲੇ ਲੋਕ ਮੱਛੀਆਂ ਦਾ ਆਨੰਦ ਲੈਂਦੇ ਹਨ। ਇਸੇ ਵਜ੍ਹਾ ਕਾਰਨ ਇੱਥੇ ਤਲਾਬਾਂ 'ਚ ਮੱਛੀਆਂ ਹੈਲੀਕਾਪਟਰ ਦੀ ਮਦਦ ਨਾਲ ਭਰੀਆਂ ਜਾਂਦੀਆਂ ਹਨ।
ਦਰਅਸਲ ਹੈਲੀਕਾਪਟਰ ਰਾਹੀਂ ਮੱਛੀਆਂ ਨੂੰ ਤਲਾਬਾਂ 'ਚ ਇਸ ਲਈ ਸੁੱਟਿਆ ਜਾਂਦਾ ਹੈ ਕਿਉਂਕਿ ਇੱਥੋਂ ਦੀਆਂ ਪਹਾੜੀਆਂ 'ਤੇ ਬਣੇ ਤਲਾਬਾਂ 'ਚ ਬਿਨਾਂ ਹਾਇਕਿੰਗ ਪਹੁੰਚਣਾ ਅਸੰਭਵ ਹੈ। ਜੇਕਰ ਹੈਲੀਕਾਪਟਰ ਰਾਹੀਂ ਮੱਛੀਆਂ ਤਲਾਬਾਂ 'ਚ ਨਾ ਛੱਡੀਆਂ ਜਾਣ ਤਾਂ ਇੱਥੋਂ ਦੇ ਤਲਾਬ ਮੱਛੀਆਂ ਤੋਂ ਖਾਲੀ ਹੋਣਗੇ।