ਚੰਡੀਗੜ੍ਹ : ਪੰਜਾਬ ਵਿੱਚ ਪੰਜ ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਨੂੰ ਖੜਕਾਉਣ ਲਈ ਅਕਾਲੀ-ਭਾਜਪਾ ਸਰਕਾਰ ਨੇ ਭਾਂਡਿਆਂ ਦਾ ਸਹਾਰਾ ਲੈ ਲਿਆ ਹੈ। ਸੂਬੇ ਦੇ ਪੇਂਡੂ ਤੇ ਸ਼ਹਿਰੀ ਵੋਟਰਾਂ ਤੱਕ ਪਹੁੰਚ ਵਧਾਉਣ ਲਈ ਸਰਕਾਰ ਪੰਚਾਇਤਾਂ, ਯੂਥ ਕਲੱਬਾਂ, ਮਹਿਲਾਂ ਮੰਡਲਾਂ ਤੇ ਐਨ.ਜੀ.ਓ. ਨੂੰ ਭਾਂਡੇ ਵੰਡੇਗੀ।
ਇਸ ਲਈ ਸੋਮਵਾਰ ਨੂੰ ਕੈਬਨਿਟ ਦੀ ਬੈਠਕ ਵਿੱਚ 100 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਚੋਣਾਂ ਤੋਂ ਪਹਿਲਾਂ 18,00 ਕਮਿਊਨਿਟੀ ਰਸੋਈਆਂ ਵਿੱਚ ਸਰਕਾਰੀ ਭਾਂਡੇ ਪਹੁੰਚਾ ਦਿੱਤੇ ਜਾਣਗੇ। ਇਹ ਕੰਮ ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਨ੍ਹਾਂ ਵਿੱਚ 12,278 ਪੰਚਾਇਤਾਂ ਸ਼ਾਮਲ ਹਨ। ਹਾਲਾਂਕਿ, 15 ਮਾਰਚ ਨੂੰ ਪੇਸ਼ ਹੋਏ ਬਜਟ ਵਿੱਚ ਭਾਂਡਿਆਂ ਲਈ 79 ਕਰੋੜ ਰੁਪਏ ਰੱਖੇ ਗਏ ਸਨ ਪਰ ਹੁਣ ਸਰਕਾਰ ਚੋਣਾਂ ਨੂੰ ਵੇਖਦੇ ਹੋਏ ਇਸ ਯੋਜਨਾਂ ਵਿੱਚ ਪੰਚਾਇਤਾਂ ਨੂੰ ਵੀ ਸ਼ਾਮਲ ਕਰ ਰਹੀ ਹੈ।
ਇਸ ਦੇ ਲਈ 21 ਕਰੋੜ ਰੁਪਏ ਵਧਾਏ ਗਏ ਹਨ। ਸਰਕਾਰ ਦੇ ਇਸ ਫੈਸਲੇ 'ਤੇ ਵਿਰੋਧੀ ਧਿਰਾਂ ਨੇ ਹੁਣ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਵਿਧਾਇਕ ਦਲ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਵੋਟ ਖਰੀਦਣ ਦੀ ਕੋਸ਼ਿਸ਼ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਚੋਣਾਂ ਵਿੱਚ ਲੋਕ ਹੁਣ ਅਕਾਲੀਆਂ ਦੇ ਵੀ ਭਾਂਡੇ ਖੜਕਾਉਣਗੇ।