ਚੰਡੀਗੜ੍ਹ: ਆਪਣੇ ਹੀ ਵਿਧਾਇਕਾਂ ਦੀ ਬਗਾਵਤ ਨੇ ਕਾਂਗਰਸ ਦੀ ਮਿੱਟੀ ਰੋਲ ਦਿੱਤੀ ਹੈ। ਹੁਣ ਤੱਕ ਜਿਹੜੇ ਇਲਜ਼ਾਮ ਵਿਰੋਧੀ ਧਿਰਾਂ ਲਾ ਰਹੀਆਂ ਸੀ, ਉਹੀ ਦੋਸ਼ ਕਾਂਗਰਸੀ ਵਿਧਾਇਕਾਂ ਨੇ ਆਪਣੀ ਸਰਕਾਰ 'ਤੇ ਲਾਏ ਹਨ। ਹੁਣ ਵਿਰੋਧੀ ਧਿਰਾਂ ਕਹਿ ਰਹੀਆਂ ਹਨ ਕਿ ਉਨ੍ਹਾਂ ਦੇ ਦੋਸ਼ ਸੱਚ ਸਾਬਤ ਹੋ ਗਏ ਹਨ ਕਿਉਂਕਿ ਇਨ੍ਹਾਂ ਉੱਪਰ ਕਾਂਗਰਸੀ ਵਿਧਾਇਕਾਂ ਨੇ ਹੀ ਮੋਹਰ ਲਾ ਦਿੱਤੀ ਹੈ। ਅਹਿਮ ਗੱਲ ਹੈ ਕਿ ਇਹ ਬਗਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਪਟਿਆਲਾ ਵਿੱਚ ਹੀ ਉੱਠੀ ਹੈ।

ਵਿਧਾਇਕਾਂ ਦੇ ਗੁੱਸੇ ਨੂੰ ਵੇਖਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਵਿਧਾਇਕਾਂ ਦੇ ਸ਼ਿਕਵਿਆਂ ਨੂੰ ਸਹੀ ਮੰਨਦਿਆਂ ਕਿਹਾ ਹੈ ਕਿ ਸਾਰੇ ਮਾਮਲੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲੇ ਪਹਿਲਾਂ ਵੀ ਮੁੱਖ ਮੰਤਰੀ ਦੇ ਦਰਬਾਰ ਵਿੱਚ ਉੱਠ ਚੁੱਕੇ ਹਨ। ਉਨ੍ਹਾਂ ਮੰਨਿਆ ਕਿ ਅਧਿਕਾਰੀ ਲੋਕਾਂ ਦੇ ਚੁਣੇ ਨੁਮਾਇੰਦਿਆਂ ਦੀ ਨਹੀਂ ਸੁਣਦੇ ਤੇ ਹਾਲਤ ਠੀਕ ਨਹੀਂ।

ਦਰਅਸਲ ਕੁਝ ਕਾਂਗਰਸੀ ਵਿਧਾਇਕਾਂ ਵੱਲੋਂ ਸ਼ਰੇਆਮ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਹੋਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ। ਸੋਮਵਾਰ ਨੂੰ ਹਲਕਾ ਸ਼ੁਤਰਾਣਾ ਤੋਂ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਨੇ ਐਲਾਨ ਕੀਤਾ ਕਿ ਜੇ ਉਨ੍ਹਾਂ ਦੀਆਂ ਮੁੱਖ ਮੰਗਾਂ ਪੂਰੀਆਂ ਕਰਨ ਦੇ ਨਾਲ ਉਨ੍ਹਾਂ ਦੀ ਗੱਲ ਸੁਣਨ ਵਾਲੇ ਪ੍ਰਸ਼ਾਸਨਿਕ ਅਧਿਕਾਰੀ ਨਾ ਲਾਏ ਗਏ ਤਾਂ ਉਹ ਪਹਿਲੀ ਜਨਵਰੀ ਤੋਂ ਮੁੱਖ ਮੰਤਰੀ ਕੈਪਟਨ ਅੰਮਰਿੰਦਰ ਸਿੰਘ ਦੀ ਕੋਠੀ ਅੱਗੇ ਧਰਨਾ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਹੁਣ ਤੱਕ ਚਾਰ ਵਿਧਾਇਕ ਕੈਪਟਨ ਖਿਲਾਫ ਬਗਾਵਤ ਕਰ ਚੁੱਕੇ ਹਨ।

ਵਿਧਾਇਕ ਨਿਰਮਲ ਸਿੰਘ ਨੇ ਕਾਂਗਰਸ ਸਰਕਾਰ ਵਿੱਚ ਭ੍ਰਿਸ਼ਟਾਚਾਰ ਦੇ ਬੋਲਬਾਲੇ ਦੀ ਪੋਲ ਖੋਲ੍ਹੀ। ਉਨ੍ਹਾਂ ਕਿਹਾ ਕਿ ਪਾਤੜਾਂ ਦੇ ਤਹਿਸੀਲਦਾਰ ਸੰਧੂਰਾ ਸਿੰਘ ਨੂੰ ਕਾਂਗਰਸ ਦੇ ਸਾਬਕਾ ਚੇਅਰਮੈਨ ਦਾ ਕੰਮ ਕਰਨ ਲਈ ਕਿਹਾ ਸੀ ਪਰ ਉਸ ਨੇ ਇਸ ਲਈ 10 ਹਜ਼ਾਰ ਰੁਪਏ ਲੈ ਕੇ ਕੰਮ ਕੀਤਾ। ਵਿਰੋਧੀ ਧਿਰਾਂ ਵੀ ਕੈਪਟਨ ਸਰਕਾਰ 'ਤੇ ਇਲਜ਼ਾਮ ਲਾ ਰਹੀਆਂ ਹਨ ਕਿ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਆਪਣੇ ਹੀ ਵਿਧਾਇਕ ਦੇ ਖੁਲਾਸੇ ਮਗਰੋਂ ਸਰਕਾਰ ਕਸੂਤੀ ਘਿਰ ਗਈ ਹੈ।