ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਦਖਲ ਮਗਰੋਂ ਪੰਥਕ ਧਿਰਾਂ ਵਿਚਾਲੇ ਮੁੜ ਏਕੇ ਦੇ ਆਸਾਰ ਬਣ ਗਏ ਗਏ। ਇਸ ਦੇ ਨਾਲ ਸ਼੍ਰੋਮਣੀ ਕਮੇਟੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ ਤੋੜਨ ਲਈ ਮੰਚ ਬਣਾਉਣ ਦੀ ਉਮੀਦ ਬੱਝੀ ਹੈ। ਹਵਾਰਾ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਪੰਜ ਸਿੰਘਾਂ ਦੀ ਕਮੇਟੀ ਕਾਇਮ ਕੀਤੀ ਜਾਏਗੀ ਜੋ ਸਿੱਖ ਸੰਘਰਸ਼ ਬਾਰੇ ਹਰ ਫੈਸਲਾ ਕਰੇਗੀ।
ਇਸ ਮਗਰੋਂ ਹਵਾਰਾ ਨਾਲ ਮੁਲਾਕਾਤ ਕਰਕੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਫ਼ਤਹਿਗੜ੍ਹ ਸਾਹਿਬ ਵਿੱਚ 10 ਜਨਵਰੀ ਨੂੰ ਸੱਦੀ ਬੈਠਕ ਰੱਦ ਕਰ ਦਿੱਤੀ। ਇਸ ਦੇ ਨਾਲ ਹੀ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਧੜੇ ਨੇ ਵੀ 8 ਜਨਵਰੀ ਨੂੰ ਰਣਸੀਂਹ ਕਲਾਂ ਵਿੱਚ ਰੱਖੀ ਪੰਥਕ ਕਾਨਫ਼ਰੰਸ ਨੂੰ ਰੱਦ ਕਰ ਦਿੱਤਾ ਹੈ। ਦੋਵਾਂ ਧੜਿਆਂ ਵੱਲੋਂ ਵੱਖ-ਵੱਖ ਪ੍ਰੋਗਰਾਮ ਐਲਾਨ ਦੇਣ ਨਾਲ ਸਿੱਖ ਸੰਗਤਾਂ ਵਿੱਚ ਦੁਚਿੱਤੀ ਪੈਦਾ ਹੋ ਗਈ ਸੀ।
ਦਰਅਸਲ, ਪਿਛਲੀ 9 ਦਸੰਬਰ ਨੂੰ ਜਥੇਦਾਰ ਮੰਡ ਨੇ ਬਰਗਾੜੀ ਇਨਸਾਫ਼ ਮੋਰਚਾ ਖ਼ਤਮ ਕਰਨ ਦੇ ਫੈਸਲੇ ਦੀ ਚੁਫੇਰਿਓਂ ਹੋਈ ਨੁਕਤਾਚੀਨੀ ਮਗਰੋਂ 20 ਦਸੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਇਕੱਤਰਤਾ ਸੱਦੀ ਸੀ ਪਰ ਫਿਰ ਉਨ੍ਹਾਂ ਇਸ ਬੈਠਕ ਨੂੰ 10 ਜਨਵਰੀ 2019 'ਤੇ ਪਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਧੜੇ ਨੇ ਵੀ 8 ਜਨਵਰੀ ਨੂੰ ਰਣਸੀਂਹ ਕਲਾਂ ਵਿੱਚ ਕਾਨਫਰੰਸ ਬੁਲਾ ਲਈ ਸੀ। ਇਹ ਸਾਰਾ ਮਾਮਲਾ ਜੇਲ੍ਹ ਵਿੱਚ ਨਜ਼ਰਬੰਦ ਹਵਾਰਾ ਕੋਲ ਪਹੁੰਚ ਗਿਆ ਸੀ।
ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹੁਣ ਸ਼੍ਰੋਮਣੀ ਅਕਾਲੀ ਦਲ (1920) ਦੇ ਸਹਿਯੋਗ ਨਾਲ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਨਵਾਂ ਮੰਚ ਉਸਾਰਨ ਦੀ ਕਵਾਇਦ ਆਰੰਭੀ ਹੈ। ਇਸੇ ਤਹਿਤ ਅਕਾਲੀ ਦਲ (1920) ਦੇ ਜਰਨਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ 22 ਫਰਵਰੀ ਨੂੰ ਪਿੰਡ ਰਣਸੀਂਹ ਕਲਾਂ (ਮੋਗਾ) ਵਿੱਚ ਮੀਰੀ-ਪੀਰੀ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਾਨਫ਼ਰੰਸ ਦੀ ਅਗਵਾਈ ਮੁਤਵਾਜ਼ੀ ਜਥੇਦਾਰ ਦਾਦੂਵਾਲ ਨੂੰ ਸੌਂਪ ਦਿੱਤੀ ਹੈ।
ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਾਨਫ਼ਰੰਸ ਲਈ ਮੁੱਖ ਸਿਆਸੀ ਧਿਰਾਂ ਨੂੰ ਛੱਡ ਕੇ ਹੋਰ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਤੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਨਵਾਂ ਮੰਚ ਕਾਇਮ ਕੀਤਾ ਜਾ ਰਿਹਾ ਹੈ। ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਨਵਾਂ ਮੰਚ ਉਸਾਰਨ ਦੇ ਏਜੰਡੇ ’ਤੇ ਹੋ ਰਹੀ ਕਾਨਫ਼ਰੰਸ ਵਿੱਚ ਉਹ ਸ਼ਿਰਕਤ ਕਰਨਗੇ। ਇਸ ਮੰਚ ਵਿੱਚ ਅਕਾਲੀ ਦਲ (ਟਕਸਾਲੀ) ਤੇ ਖਹਿਰਾ ਧੜਾ ਤੇ ਹੋਰਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।