ਫ਼ਰੀਦਕੋਟ: ਪੰਚਾਇਤੀ ਚੋਣਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਫੰਡਾਂ ਦਾ ਲਾਹਾ ਲਿਆ ਜਾ ਰਿਹਾ ਹੈ। ਇਹ ਮਾਮਲਾ ਫ਼ਰੀਦਕੋਟ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਸਾਹਮਣੇ ਆਇਆ ਹੈ। ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਫੰਡਾਂ ਦੀ ਕਥਿਤ ਦੁਰਵਰਤੋਂ ਹੋਈ ਹੈ। ਇਹ ਫੰਡ ਧਰਮ ਪ੍ਰਚਾਰ ਤੇ ਲੋਕ ਭਲਾਈ ਲਈ ਹਰ ਮੈਂਬਰ ਨੂੰ ਜਾਰੀ ਹੁੰਦੇ ਹਨ।
ਲੋਕ ਇਨਸਾਫ਼ ਪਾਰਟੀ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਤੇ ਕਨਵੀਨਰ ਕ੍ਰਿਸ਼ਨ ਕੁਮਾਰ ਨੇ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡ ਵੋਟਰਾਂ ਨੂੰ ਪੈਸੇ ਵੰਡ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਬਾਰੇ ਸਬੂਤ ਵੀ ਮੌਜ਼ੂਦ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੋਕ ਭਲਾਈ ਕਾਰਜਾਂ ਲਈ ਹਰ ਮੈਂਬਰ ਨੂੰ ਪੈਸੇ ਦਿੱਤੇ ਜਾਂਦੇ ਹਨ ਤੇ ਸ਼ੇਰ ਸਿੰਘ ਇਸੇ ਦੀ ਦੁਰਵਰਤੋਂ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਮੈਂਬਰ ਕੋਟਕਪੂਰਾ ਹਲਕੇ ਅਧੀਨ ਪੈਂਦੇ ਪਿੰਡ ਮੰਡਵਾਲਾ ਤੋਂ ਸਰਪੰਚੀ ਦੀ ਚੋਣ ਲੜ ਰਿਹਾ ਹੈ।
ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸ਼ੇਰ ਸਿੰਘ ਮੰਡ ਮਈ ਮਹੀਨੇ ਤੋਂ ਹੀ ਪੰਚਾਇਤੀ ਚੋਣਾਂ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਐਸਜੀਪੀਸੀ ਅਧੀਨ ਆਉਂਦੀ ਧਰਮ ਪ੍ਰਚਾਰ ਕਮੇਟੀ ਦੇ ਆਰਡਰ ਨੰਬਰ 77 ਮਿਤੀ 19 ਮਈ, 2018 ਦੀਆਂ ਕਾਪੀਆਂ ਵੰਡਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ 3 ਲੱਖ ਰੁਪਏ ਦੀ ਗਰਾਂਟ ਮੈਂਬਰਾਂ ਨੂੰ ਆਪੋ-ਆਪਣੇ ਹਲਕੇ ਅਧੀਨ ਪੈਂਦੇ ਪਿੰਡਾਂ ’ਚ ਕੈਂਸਰ ਪੀੜਤਾਂ, ਧਰਮ ਪ੍ਰਚਾਰ, ਗਰੀਬ ਕੁੜੀਆਂ ਦੇ ਵਿਆਹਾਂ ਤੇ ਬੱਚਿਆਂ ਦੀਆਂ ਵਰਦੀਆਂ ਲਈ ਖਰਚਣ ਲਈ ਦਿੱਤੀ ਜਾਂਦੀ ਹੈ, ਪਰ ਮੈਂਬਰ ਨੇ ਇਹ ਗਰਾਂਟ ਆਪਣੇ ਜੱਦੀ ਪਿੰਡ ਦੇ ਹੀ 31 ਪਰਿਵਾਰਾਂ ਨੂੰ ਵੰਡ ਦਿੱਤੀ। ਲੋਕ ਇਨਸਾਫ਼ ਪਾਰਟੀ ਨੇ ਮਾਮਲੇ ਸਬੰਧੀ ਸੂਬਾਈ ਚੋਣ ਕਮਿਸ਼ਨਰ ਕੋਲ ਸ਼ਿਕਾਇਤ ਵੀ ਕੀਤੀ ਹੈ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡ ਨੇ ਕਿਹਾ ਕਿ ਗਰਾਂਟ ਰਾਹੀਂ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਗਈ ਹੈ। ਵੋਟਾਂ ਖਰੀਦਣ ਦੇ ਇਲਜ਼ਾਮ ਨੂੰ ਉਨ੍ਹਾਂ ਨਕਾਰਦਿਆਂ ਕਿਹਾ ਕਿ ਫੰਡ ਵੰਡਣ ਲਈ ਲੋਕ ਇਨਸਾਫ ਪਾਰਟੀ ਤੋਂ ਉਨ੍ਹਾਂ ਨੂੰ ਸਰਟੀਫ਼ਿਕੇਟ ਲੈਣ ਦੀ ਜ਼ਰੂਰਤ ਨਹੀਂ।