ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਸਟੇਜ ਦਾ ਮਸਲਾ ਸੁਲਝਾਉਣ ਵਿੱਚ ਅਸਫਲ ਰਹੇ। ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਪਰ ਅੱਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਵੀ ਬੁਲਾਇਆ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਦੇ ਮੁਖੀਆਂ ਨੂੰ ਵੀ ਸੰਵਾਦ ਲਈ ਮੀਟਿੰਗ 'ਚ ਸੱਦਿਆ ਸੀ।
ਇਸ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਗੁਰੂ ਕੀ ਬੇਰ ਵਿਖੇ ਹੋਣ ਵਾਲੇ ਸਮਾਗਮ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦੇਖੇਗੀ। ਸਾਰੀਆਂ ਹੀ ਪ੍ਰਮੁੱਖ ਸ਼ਖ਼ਸੀਅਤਾਂ ਇਸੇ ਸਥਾਨ 'ਤੇ ਨਤਮਸਤਕ ਹੋਣਗੀਆਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਇਹ ਸਮਾਗਮ ਗੈਰ ਸਿਆਸੀ ਹੋਵੇਗਾ ਤੇ ਇਸ ਵਿੱਚ ਸਾਰੀਆਂ ਹੀ ਸ਼ਖ਼ਸੀਅਤਾਂ ਸਿਆਸਤ ਤੋਂ ਬਿਨਾਂ ਪੁੱਜ ਕੇ ਸਿਜਦਾ ਕਰਨਗੀਆਂ।
ਗਿਆਨੀ ਹਰਪ੍ਰੀਤ ਨੂੰ ਜਦੋਂ ਇਹ ਗੱਲ ਪੁੱਛੀ ਗਈ ਕਿ ਕਾਂਗਰਸ ਪਾਰਟੀ ਨਾਲ ਏਕਤਾ ਦੀ ਗੱਲ ਅਸਫਲ ਰਹੀ ਤਾਂ ਹੁਣ ਉਹ ਆਪਣੀ ਸਟੇਜ ਵੀ ਲਾਉਣਗੇ, ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਕਈ ਜਥੇਬੰਦੀਆਂ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਸਟੇਜ ਲਾਈਆਂ ਜਾਣਗੀਆਂ। ਸਿਰਫ ਇੱਕ ਹੀ ਅਪੀਲ ਹੈ ਕਿ ਸਟੇਜ ਕੋਈ ਵੀ ਲਾ ਸਕਦਾ ਹੈ, ਪਰ ਉਸ ਜਗ੍ਹਾ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਉਨ੍ਹਾਂ ਦੇ ਫਲਸਫੇ ਦੀ ਹੀ ਗੱਲ ਕੀਤੀ ਜਾਵੇ।