ਬਠਿੰਡਾ: ਪੰਜਾਬ ਵਿਜੀਲੈਂਸ ਜਿਸ ਘਰ ਨੂੰ ਬੰਦ ਸਮਝ ਕੇ ਵਾਪਸ ਮੁੜਦੀ ਰਹੀ, ਉਸੇ ਘਰ ਵਿੱਚ ਪਹੰਚ ਕੇ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਵੰਗਾਰਿਆ। ਇਹ ਘਰ ਬਾਦਲ ਪਰਿਵਾਰ ਦੇ ਖਾਸ-ਮ-ਖਾਸ ਦਿਆਲ ਸਿੰਘ ਕੋਲਿਆਂਵਾਲੀ ਦਾ ਸੀ। ਸੁਪਰੀਮ ਕੋਰਟ ਤੋਂ ਵੀ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਕੋਲਿਆਂਵਾਲੀ ਰੂਪੋਸ਼ ਹਨ। ਵਿਜੀਲੈਂਸ ਦੀ ਟੀਮ ਕਈ ਵਾਰ ਇਸ ਘਰ ਆਈ ਪਰ ਖਾਲੀ ਹੱਥ ਪਰਤਦੀ ਰਹੀ।
ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਆਪਣੇ ਲਾਮ-ਲਸ਼ਕਰ ਨਾਲ ਵਿਜੀਲੈਂਸ ਦੀ ਕੁੜਿੱਕੀ ’ਚ ਫਸੇ ਕੋਲਿਆਂਵਾਲੀ ਦੇ ਘਰ ਪੁੱਜੇ। ਬਾਦਲ ਨੇ ਇਸ ਮੌਕੇ ਸੂਬੇ ਦੀ ਅਫ਼ਸਰਸ਼ਾਹੀ ਨੂੰ ‘ਧੱਕੇਸ਼ਾਹੀ’ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਕੋਲਿਆਂਵਾਲੀ ਮਗਰ ਸਮੁੱਚਾ ਅਕਾਲੀ ਦਲ ਖੜ੍ਹਾ ਹੈ। ਬਾਦਲ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਕੋਲਿਆਂਵਾਲੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਖਿਲਾਫ਼ ਸਿਆਸੀ ਬਦਲਾਖੋਰੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕਾਬਲੇਗੌਰ ਹੈ ਕਿ ਲੰਘੇ ਦਿਨੀਂ ਉਨ੍ਹਾਂ ਦੀ ਰਿਹਾਇਸ਼ ’ਤੇ ਜਿੰਦਰਾ ਲੱਗਿਆ ਹੋਣ ਕਰਕੇ ਵਿਜੀਲੈਂਸ ਦੀ ਟੀਮ ਕੰਧ ’ਤੇ ਨੋਟਿਸ ਲਾ ਕੇ ਪਰਤ ਗਈ ਸੀ। ਬੁੱਧਵਾਰ ਨੂੰ ਬਾਦਲ ਦੀ ਫੇਰੀ ਮੌਕੇ ਕੋਲਿਆਂਵਾਲੀ ਰਿਹਾਇਸ਼ ਦੇ ਵਿਹੜੇ ’ਚ ਬਕਾਇਦਾ ਗਲੀਚੇ ਵਿਛਾਏ ਗਏ। ਬਾਦਲ ਦੀ ਫੇਰੀ ਮੌਕੇ ਕੋਲਿਆਂਵਾਲੀ ਦਾ ਲੜਕਾ ਪਰਮਿੰਦਰ ਸਿੰਘ ਕੋਲਿਆਂਵਾਲੀ ਤੇ ਵਿਧਾਇਕ ਰੋਜ਼ੀ ਬਰਕੰਦੀ ਸਮੇਤ ਵੱਖ-ਵੱਖ ਅਕਾਲੀ ਹਲਕਾ ਇੰਚਾਰਜ ਤੇ ਹੋਰ ਆਗੂ ਮੌਜੂਦ ਸਨ।