ਅੰਮ੍ਰਿਤਸਰ: ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੰਮ੍ਰਿਤਸਰ ਦੀਆਂ ਸਾਰੀਆਂ ਦੁਕਾਨਾਂ ਸੋਮਵਾਰ ਤੋ ਸ਼ੁਕਰਵਾਰ ਤੱਕ ਸਵੇਰੇ 9 ਤੋ 5 ਵਜੇ ਤੱਕ ਖੁਲਣਗੀਆਂ। ਇਸ ਤੋਂ ਇਲਾਵਾ ਬਾਕੀ ਪਾਬੰਦੀਆਂ ਉਸੇ ਤਰ੍ਹਾਂ ਹੀ 10 ਜੂਨ ਤੱਕ ਲਾਗੂ ਰਹਿਣਗੀਆਂ। ਇਹ ਐਲਾਨ ਓਮ ਪ੍ਰਕਾਸ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਸ਼ੁੱਕਰਵਾਰ ਨੂੰ ਸਰਕਟ ਹਾਊਸ ਵਿਖੇ ਵਪਾਰੀਆਂ ਨਾਲ ਮੀਟਿੰਗ ਕਰਨ ਮਗਰੋਂ ਲਿਆ।
ਇਸ ਦੌਰਾਨ ਸੋਨੀ ਨੇ ਕਿਹਾ ਕਿ ਕੋਰੋਨਾ ਦੇ ਵੱਧਦੇ ਕੇਸਾਂ ਕਰਕੇ ਪਹਿਲਾਂ ਇੱਕ ਦਿਨ ਸੱਜੇ ਅਤੇ ਦੂਜੇ ਦਿਨ ਖੱਬੇ ਪਾਸੇ ਦੀਆਂ ਦੁਕਾਨਾਂ ਖੁਲਦੀਆਂ ਸੀ ਪਰ ਹੁਣ ਕੋਰੋਨਾ ਕੇਸਾਂ ਵਿਚ ਕਮੀ ਆਉਣ ਕਰਕੇ ਸੋਮਵਾਰ ਤੋ ਸ਼ੁਕਰਵਾਰ ਤੱਕ ਦੋਵਾਂ ਪਾਸੇ ਦੀਆਂ ਦੁਕਾਨਾਂ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਖੋਲਣ ਦਾ ਫੈਸਲਾ ਕੀਤਾ ਗਿਆ ਹੈ। ਜਦੋਂਕਿ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਲੌਕਡਾਊਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਹੀ ਜਿਮ, ਸਪਾ ਸੈਂਟਰ, ਕੋਚਿੰਗ ਸੈਂਟਰ, ਹੋਟਲ/ਰੈਸਟੋਰੈਂਟ ਆਦਿ ਬੰਦ ਰਹਿਣਗੇ।
ਸੋਨੀ ਨੇ ਵਪਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਅੰਦਰ ਉਸੇ ਹੀ ਗਾਹਕ ਨੂੰ ਦਾਖਲ ਹੋਣ ਦੇਣ ਜਿਸ ਨੇ ਮਾਸਕ ਪਾਇਆ ਹੋਵੇ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਦੁਕਾਨਦਾਰ ਨੇ ਵੀ ਮਾਸਕ ਪਾਇਆ ਹੋਇਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਦੁਕਾਨਾਂ ਤੇ ਭੀੜ ਇਕੱਠੀ ਨਾ ਹੋਣ ਦੇਈਏ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰੀਏ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੀਏ।
ਸੋਨੀ ਨੇ ਕਿਹਾ ਕਿ ਸਰਕਾਰ ਹਮੇਸ਼ਾ ਹੀ ਵਾਪਰੀਆਂ ਦੇ ਨਾਲ ਖੜ੍ਹੀ ਹੈ ਪਰ ਕੋਰੋਨਾ ਦੇ ਵੱਧਦੇ ਕੇਸਾਂ ਕਰਕੇ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਲੌਕਡਾਊਨ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਵੱਲੋਂ ਤੀਜੀ ਲਹਿਰ ਸਬੰਧੀ ਦਿੱਤੇ ਗਏ ਖਦਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਇਸ ਲਹਿਰ ਨਾਲ ਨਿਪਟਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਵਿਸ਼ੇਸ਼ ਵਾਰਡ ਵੀ ਸਥਾਪਤ ਕੀਤੇ ਗਏ ਹਨ। ਓਪੀ ਸੋਨੀ ਨੇ ਵਪਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ ਅਤੇ ਆਉਣ ਵਾਲੇ ਗਾਹਕਾਂ ਨੂੰ ਟੈਸਟ ਕਰਵਾਉਣ ਸਬੰਧੀ ਵੀ ਪ੍ਰੇਰਿਤ ਕਰਨ।
ਇਹ ਵੀ ਪੜ੍ਹੋ: Ayurveda and Allopathy ਦੀ ਬਹਿਸ 'ਤੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦਾ ਬਿਆਨ, ਪੜ੍ਹੋ ਕੀ ਕਿਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin