Barnala News: ਬਰਨਾਲਾ ਤੋਂ ਰੂਹ ਕੰਬਾਉਣ ਵਾਲੀ ਖਬਰ ਆਈ ਹੈ। ਇੱਥੇ 19 ਸਾਲਾ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ 8 ਦਿਨ ਲਗਾਤਾਰ ਬਲਾਤਕਾਰ ਕਰਨ ਦਾ ਇਲਜ਼ਾਮ ਲਾਇਆ ਹੈ। ਲੜਕੀ ਨੇ ਦੋ ਵਿਅਕਤੀਆਂ 'ਤੇ ਬਲਾਤਕਾਰ ਦੇ ਦੋਸ਼ ਲਾਏ ਹਨ। ਪੀੜਤ ਲੜਕੀ ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਹੈ, ਜਦਕਿ ਮੁਲਜ਼ਮ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਹੈ। ਲੜਕੀ ਦਾ ਕਹਿਣਾ ਹੈ ਕਿ ਬਠਿੰਡਾ ਦੇ ਨਥਾਣਾ ਥਾਣੇ ਦੀ ਹੱਦ ਵਿੱਚ ਬਲਾਤਕਾਰ ਕੀਤਾ।


ਉਧਰ, ਪੀੜਤ ਲੜਕੀ ਨੂੰ ਬਰਨਾਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਬਠਿੰਡਾ ਦੇ ਥਾਣਾ ਨਥਾਣਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਕਰ ਰਹੇ ਪੁਲਿਸ ਅਧਿਕਾਰੀ ਲੜਕੀ ਦੇ ਬਿਆਨ ਲੈਣ ਹਸਪਤਾਲ ਪਹੁੰਚੇ ਤੇ ਦੱਸਿਆ ਕਿ ਪੁਲਿਸ ਨੇ ਇੱਕ ਵਿਅਕਤੀ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ।


ਪੀੜਤਾ ਨੇ ਇਸ ਮਾਮਲੇ ਨੂੰ ਲੈ ਕੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਨੂੰ ਇੱਕ ਲੜਕੇ ਦਾ ਫੋਨ ਆਇਆ ਸੀ। ਉਹ ਲੜਕੇ ਦੀਆਂ ਗੱਲਾਂ 'ਤੇ ਆ ਗਈ ਤੇ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ ਗਿਆ। ਇਸ ਤੋਂ ਬਾਅਦ ਲੜਕਾ ਆਪਣੇ ਦੋਸਤ ਨਾਲ ਬਰਨਾਲਾ ਆ ਗਿਆ ਤੇ ਲੜਕੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਲਿਆਣ ਸੁੱਖਾ ਵਿਖੇ ਲੈ ਗਿਆ। 



ਪੀੜਤਾ ਦਾ ਦੋਸ਼ ਹੈ ਕਿ ਉਸ ਦੇ ਪ੍ਰੇਮੀ ਤੇ ਉਸ ਘਰ ਵਿੱਚ ਰਹਿਣ ਵਾਲੇ ਇੱਕ ਹੋਰ ਵਿਅਕਤੀ ਨੇ ਉਸ ਨਾਲ ਅੱਠ ਦਿਨਾਂ ਤੱਕ ਲਗਾਤਾਰ ਬਲਾਤਕਾਰ ਕੀਤਾ ਤੇ ਉਸ ਨਾਲ ਵਿਆਹ ਵੀ ਨਹੀਂ ਕੀਤਾ। ਪੀੜਤ ਲੜਕੀ ਨੇ ਇਹ ਵੀ ਗੰਭੀਰ ਦੋਸ਼ ਲਾਇਆ ਕਿ ਉਸ ਨੂੰ ਵਿਆਹ ਦਾ ਝਾਂਸਾ ਦੇਣ ਵਾਲਾ ਲੜਕਾ ਚਿੱਟੇ ਦੇ ਨਸ਼ੇ ਦਾ ਸੇਵਨ ਕਰਦਾ ਹੈ ਤੇ ਉਹ ਤੇ ਉਸ ਦੇ ਦੋਸਤ ਚਿੱਟੇ ਸਮੇਤ ਹੋਰ ਨਸ਼ੇ ਵੇਚਣ ਦਾ ਕੰਮ ਕਰਦੇ ਹਨ। ਉਸ ਦੇ ਘਰ ਹਰ ਰੋਜ਼ ਚਾਰ-ਚਾਰ-ਪੰਜ ਮੁੰਡੇ ਨਸ਼ਾ ਲੈਣ ਆਉਂਦੇ ਹਨ। ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਮੋਬਾਈਲ ਫੋਨ 'ਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।


ਇਸ ਮਾਮਲੇ ਸਬੰਧੀ ਪੀੜਤ ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਇੱਕ ਲੜਕਾ ਉਨ੍ਹਾਂ ਦੀ ਲੜਕੀ ਨੂੰ ਵਿਆਹ ਦੇ ਬਹਾਨੇ ਆਪਣੇ ਨਾਲ ਲੈ ਗਿਆ। ਦੋਵਾਂ ਨੇ ਵਿਆਹ ਨਹੀਂ ਕਰਵਾਇਆ ਪਰ ਉਹ ਤੇ ਇੱਕ ਹੋਰ ਵਿਅਕਤੀ ਉਨ੍ਹਾਂ ਦੀ ਧੀ ਨਾਲ ਬਲਾਤਕਾਰ ਕਰਦੇ ਰਹੇ। ਪਰਿਵਾਰ ਨੇ ਬਰਨਾਲਾ ਪੁਲਿਸ ਨੂੰ ਲੜਕੀ ਦੇ ਗੁੰਮ ਹੋਣ ਦੀ ਰਿਪੋਰਟ ਵੀ ਦਰਜ ਕਰਵਾਈ ਸੀ। 


ਜਦੋਂ ਪੀੜਤ ਲੜਕੀ ਦਾ ਫੋਨ ਘਰ ਆਇਆ ਤਾਂ ਉਸ ਨੇ ਇਸ ਮਾਮਲੇ ਸਬੰਧੀ ਦੋ ਸਮਾਜ ਸੇਵੀ ਔਰਤਾਂ ਸਰਬਜੀਤ ਕੌਰ ਤੇ ਹਰਪ੍ਰੀਤ ਕੌਰ ਨੂੰ ਸੂਚਿਤ ਕੀਤਾ ਤਾਂ ਪਰਿਵਾਰਕ ਮੈਂਬਰ, ਪਿੰਡ ਦੀ ਪੰਚਾਇਤ ਤੇ ਦੋਵੇਂ ਸਮਾਜ ਸੇਵੀ ਔਰਤਾਂ ਪੀੜਤ ਲੜਕੀ ਨੂੰ ਵਾਪਸ ਲਿਆਉਣ ਲਈ ਪਿੰਡ ਗਈਆਂ। ਜਦੋਂ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਲੜਕੀ ਨੂੰ ਛੁਪਾ ਦਿੱਤਾ। ਇਸ ਤੋਂ ਬਾਅਦ ਸਮਾਜ ਸੇਵੀ ਨੇ ਬਹਾਦਰੀ ਨਾਲ ਪੀੜਤ ਲੜਕੀ ਨੂੰ ਪਿੰਡ ਦੇ ਹੀ ਇੱਕ ਹੋਰ ਘਰ ਤੋਂ ਛੁਡਵਾਇਆ ਤੇ ਪਰਿਵਾਰ ਹਵਾਲੇ ਕਰ ਦਿੱਤਾ। 


ਇਸ ਮਾਮਲੇ ਸਬੰਧੀ ਥਾਣਾ ਨਥਾਣਾ ਦੇ ਐਸਐਚਓ ਜਸਕਰਨ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਤੋਂ ਸੂਚਨਾ ਮਿਲੀ ਸੀ, ਜਿੱਥੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਜਗਜੀਤ ਸਿੰਘ ਵਾਸੀ ਕਲਿਆਣ ਖਿਲਾਫ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।