ਕੈਪਟਨ ਦੇ ਗੜ੍ਹ 'ਚ ਗਰਜਿਆ 'ਆਪ' ਦਾ ਅਮਨ, 'ਕੈਪਟਨ ਪਰਿਵਾਰ ਤੋਂ ਲੋਕ ਭਲਾਈ ਦੀ ਉਮੀਦ ਬੇਵਕੂਫ਼ੀ'
ਏਬੀਪੀ ਸਾਂਝਾ | 17 Apr 2019 08:27 PM (IST)
ਅਮਨ ਨੇ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚ ਛਾਏ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੋਂ ਲੋਕ ਭਲਾਈ ਦੀ ਉਮੀਦ ਕਰਨਾ ਬੇਵਕੂਫੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਵਾਰ 'ਆਪ' ਪਟਿਆਲਾ ਤੋਂ ਜਿੱਤ ਹਾਸਲ ਕਰੇਗੀ ਤੇ ਮਹਾਰਾਣੀ ਪਰਨੀਤ ਕੌਰ ਨੂੰ ਉਨ੍ਹਾਂ ਦੇ ਹੀ ਇਲਾਕੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਏਗਾ।
ਪਟਿਆਲਾ: ਲੋਕ ਸਭਾ ਹਲਕਾ ਪਟਿਆਲਾ ਤੋਂ ਆਪ ਉਮੀਦਵਾਰ ਨੀਨਾ ਮਿੱਤਲ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਦੀ ਕਵਾਇਦ ਨਾਲ ਅੱਜ ਆਪ ਵਿਧਾਇਕ ਅਮਨ ਅਰੋੜਾ ਪਟਿਆਲਾ ਪਹੁੰਚੇ। ਇੱਥੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਹੋਇਆਂ ਅਮਨ ਨੇ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚ ਛਾਏ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੋਂ ਲੋਕ ਭਲਾਈ ਦੀ ਉਮੀਦ ਕਰਨਾ ਬੇਵਕੂਫੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਵਾਰ 'ਆਪ' ਪਟਿਆਲਾ ਤੋਂ ਜਿੱਤ ਹਾਸਲ ਕਰੇਗੀ ਤੇ ਮਹਾਰਾਣੀ ਪਰਨੀਤ ਕੌਰ ਨੂੰ ਉਨ੍ਹਾਂ ਦੇ ਹੀ ਇਲਾਕੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਏਗਾ। ਇਸ ਮੌਕੇ ਅਮਨ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਮਹਾਰਾਣੀ ਪਰਨੀਤ ਕੌਰ ਦੇ ਕੰਮਕਾਜ ਦੀ ਸਖ਼ਤ ਆਲੋਚਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਬੇਅਦਬੀ ਮਾਮਲੇ ਬਾਰੇ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮੁੜ ਬਹਾਲੀ ਬਾਰੇ ਗੱਲ ਕਰਦਿਆਂ ਕਿਹਾ ਕਿ ਕੱਲ੍ਹ ਕਾਂਗਰਸ ਤੇ 'ਆਪ' ਦਾ ਪ੍ਰਤੀਨਿਧੀਮੰਡਲ ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗਾ। ਅਮਨ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਨੂੰ ਤੂਲ ਦੇ ਰਿਹਾ ਹੈ। ਸੱਚੀ ਗੱਲ ਇਹ ਹੈ ਕਿ ਇਸ ਘਟਨਾ ਨੂੰ 4 ਸਾਲ ਬੀਤ ਗਏ ਹਨ ਪਰ 2 ਕਮਿਸ਼ਨ ਤੇ ਲੰਮੀ ਜਾਂਚ ਤੋਂ ਬਾਅਦ ਵੀ ਮਾਮਲੇ ਦਾ ਕੋਈ ਹੱਲ ਨਹੀਂ ਨਿਕਲਿਆ ਜਦਕਿ ਵਿਜੇ ਪ੍ਰਤਾਪ ਆਪਣੀ ਪੂਰੀ ਟੀਮ ਨਾਲ ਇਸ ਮਾਮਲੇ ਨੂੰ ਹੱਲ ਕਰਨ ਵਿੱਚ ਜੁਟੇ ਹੋਏ ਸੀ। ਪਰ ਅਕਾਲੀ ਦਲ ਨੇ ਜਾਣ ਬੁੱਝ ਕੇ ਇਸ ਮਾਮਲੇ ਨੂੰ ਉਛਾਲਿਆ ਹੈ। ਉਹ ਇਸ ਮਾਮਲੇ ਵਿੱਚ ਸਿਆਸਤ ਕਰ ਰਿਹਾ ਹੈ।