ਅੰਮ੍ਰਿਤਸਰ: ਖਡੂਰ ਸਾਹਿਬ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਇੰਦਰਜੀਤ ਸਿੰਘ ਜ਼ੀਰਾ ਨੇ ਕੈਪਟਨ ਅਮਰਿੰਦਰ ਸਿੰਘ ਅੱਗੇ ਫ਼ਿਰੋਜ਼ਪੁਰ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਹਾਲਾਂਕਿ ਜ਼ੀਰਾ ਤੋਂ ਪਹਿਲਾਂ ਹੀ ਫ਼ਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ ਤੇ ਸ਼ੇਰ ਸਿੰਘ ਘੁਬਾਇਆ ਵੀ ਆਪੋ-ਆਪਣੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਜ਼ੀਰਾ ਅੱਜ ਹਜ਼ੂਰ ਸਾਹਿਬ ਤੋਂ ਮੱਥਾ ਟੇਕ ਕੇ ਸਿੱਧਾ ਕੈਪਟਨ ਦੀ ਮੀਟਿੰਗ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਸ਼ੇਰ ਸਿੰਘ ਘੁਬਾਇਆ ਖਿਲਾਫ ਬਿਆਨਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਘੁਬਾਇਆ ਪਾਰਟੀ ਵਿੱਚ ਹੁਣੇ-ਹੁਣੇ ਪਹੁੰਚੇ ਹਨ। ਉਨ੍ਹਾਂ ਨੂੰ ਟਿਕਟ ਲੈਣ ਲਈ ਥੋੜ੍ਹਾ ਸਬਰ ਕਰਨਾ ਚਾਹੀਦਾ ਹੈ। ਜ਼ੀਰਾ ਨੇ ਫ਼ਿਰੋਜ਼ਪੁਰ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਰਾਦਰੀ ਫਿਰੋਜ਼ਪੁਰ ਹਲਕੇ ਵਿੱਚ ਵੱਸਦੀ ਹੈ। ਇਸ ਕਰਕੇ ਉਹ ਸੁਖਬੀਰ ਬਾਦਲ ਨੂੰ ਵੱਡੇ ਫਰਕ ਨਾਲ ਹਰਾ ਸਕਦੇ ਹਨ। ਉਨ੍ਹਾਂ ਆਖਰੀ ਫੈਸਲਾ ਪਾਰਟੀ ਹਾਈਕਮਾਨ 'ਤੇ ਛੱਡਦਿਆਂ ਕਿਹਾ ਕਿ ਪਾਰਟੀ ਹਾਈਕਮਾਨ ਜੋ ਵੀ ਫ਼ੈਸਲਾ ਕਰੇਗੀ ਉਹ ਸਿਰ ਮੱਥੇ ਮਨਜ਼ੂਰ ਹੋਵੇਗਾ।