ਚੰਡੀਗੜ੍ਹ: ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਨਵਜੋਤ ਸਿੱਧੂ 'ਤੇ ਹਮਲਾ ਬੋਲਦਿਆਂ ਕਿਹਾ ਕਿ ਸਿੱਧੂ ਦਾ ਰਿਮੋਟ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਹੱਥ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸਿੱਧੂ ਪਾਕਿਸਤਾਨ ਤੋਂ ਮਿਲਣ ਵਾਲੇ ਨਿਰਦੇਸ਼ਾਂ ਮੁਤਾਬਕ ਹੀ ਕੰਮ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਡੇਰਾ ਸਿਰਸਾ ਵਿੱਚ ਵੱਖ-ਵੱਖ ਲੀਡਰਾਂ ਵੱਲੋਂ ਵੋਟਾਂ ਮੰਗਣ ਜਾਣ ਸਬੰਧੀ ਕਿਹਾ ਕਿ ਕਿਸੇ ਵੀ ਧਾਰਮਿਕ ਥਾਂ 'ਤੇ ਵੋਟਾਂ ਮੰਗਣ ਜਾਣਾ ਠੀਕ ਨਹੀਂ।


ਸਿੱਧੂ 'ਤੇ ਤਿੱਖੇ ਵਾਰ ਕਰਦਿਆਂ ਵਿੱਜ ਨੇ ਸਲਾਹ ਦਿੱਤੀ ਕਿ ਅਜਿਹੇ ਲੋਕਾਂ ਨੂੰ ਭਾਰਤ ਛੱਡ ਕੇ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਵੋਟਾਂ ਲਈ ਸਿੱਧੂ ਹਿੰਦੂ ਤੇ ਮੁਸਲਮਾਨ ਨੂੰ ਵੰਡਣਾ ਚਾਹੁੰਦੇ ਹਨ। ਉਨ੍ਹਾਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ। ਇੱਥੋਂ ਤਕ ਕਿ ਉਨ੍ਹਾਂ ਸਿੱਧੂ ਨੂੰ ਅਨਗਾਈਡਿਡ ਮਿਸਾਈਲ ਹੀ ਕਹਿ ਦਿੱਤਾ, ਜਿਸ ਨੂੰ ਕਾਬੂ ਕਰਨਾ ਬੇਹੱਦ ਜ਼ਰੂਰੀ ਹੈ।

ਇਸ ਤੋਂ ਇਲਾਵ ਡੇਰਾ ਸਿਰਸਾ ਵਿੱਚ ਵੋਟਾਂ ਮੰਗਣ ਜਾਣ ਵਾਲਿਆਂ ਦੀ ਵੀ ਨਿੰਦਾ ਕੀਤੀ। ਦੱਸ ਦੇਈਏ ਡੇਰਾ ਪ੍ਰਬੰਧਕਾਂ ਨੇ ਡੇਰੇ ਵਿੱਚ ਵੋਟਾਂ ਮੰਗਣ ਆਉਣ ਵਾਲੇ ਲੀਡਰਾਂ ਦਾ ਵਿਰੋਧ ਕੀਤਾ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਜਾ ਰਾਮ ਰਹੀਮ ਨਾਲ ਮਿਲ ਕੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਸਬੰਧੀ ਵਿੱਜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।