Punjab News: ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Raja Warring) ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਬੇਹੱਦ ਸੋਚੀ-ਸਮਝੀ ਰਾਜਨੀਤੀ ਦੇ ਤਹਿਤ ਕਾਂਗਰਸ ਦੇ ਨਾਲ ਪਿਆਰ ਵਾਲੇ ਬਿਆਨ ਦੇ ਰਹੇ ਹਨ। ਕਿਉਂਕਿ ਉਹ ਭਾਜਪਾ ਵਿੱਚ ਅਟੈਨਸ਼ਨ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਇਹ ਅਟੈਨਸ਼ਨ ਮਿਲਣ ਵੀ ਲੱਗ ਪਈ ਹੈ।
ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਲੈਕੇ ਕਿਹਾ ਕਿ ਉਹ ਕਹਿ ਰਹੇ ਹਨ ਕਿ ਮੁੱਖ ਮੰਤਰੀ ਦੀ ਕੁਰਸੀ 350 ਕਰੋੜ ਰੁਪਏ ਵਿੱਚ ਵਿਕੀ ਹੈ। ਦਰਅਸਲ, ਉਹ ਹਾਰਨ ਤੋਂ ਬਾਅਦ ਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ, ਅਤੇ ਕਾਂਗਰਸ ਨੇ ਉਨ੍ਹਾਂ ਨੂੰ ਨਹੀਂ ਬਣਾਇਆ। ਇਸੇ ਲਈ ਉਨ੍ਹਾਂ ਵੱਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ। ਜਦੋਂ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿੰਨੇ ਪੈਸੇ ਦਿੱਤੇ ਗਏ।
ਰਾਜਾ ਵੜਿੰਗ ਨੇ ਚੋਣਾਂ ਬਾਰੇ ਕੀ ਕਿਹਾ?
ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਜਿੱਤ ਦੇ ਆਪਣੇ ਦਾਅਵਿਆਂ ਨਾਲ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਉਹ ਜਿੱਤ ਦਾ ਕਾਰਨ ਬਾਈਕਾਟ ਕੀਤੀਆਂ ਸੀਟਾਂ, ਕਾਗਜ਼ ਰੱਦ ਹੋਣ ਵਾਲੀਆਂ ਸੀਟਾਂ ਅਤੇ ਫਾਈਲਾਂ ਫਾੜ ਕੇ ਡਰਾ ਧਮਕਾ ਕਰ ਬਿਠਾਏ ਉਮੀਦਵਾਰਾਂ ਦੀਆਂ ਸੀਟਾਂ ਨੂੰ ਵੀ ਜਿੱਤ ਵਿੱਚ ਜੋੜ ਰਹੇ ਹਨ।
ਇਹ ਚੋਣ ਜਿੱਤੀ ਨਹੀਂ, ਸਗੋਂ ਲੁੱਟੀ ਗਈ ਹੈ। ਉਨ੍ਹਾਂ ਦੇ ਦਾਅਵੇ ਦੀ ਪੁਸ਼ਟੀ ਪਟਿਆਲਾ ਪੁਲਿਸ ਦੀ ਵਾਇਰਲ ਆਡੀਓ ਰਿਕਾਰਡਿੰਗ ਤੋਂ ਕੀਤੀ ਜਾ ਸਕਦੀ ਹੈ।
ਰਾਜਾ ਵੜਿੰਗ ਨੇ ਅਕਾਲੀ ਦਲ ਬਾਰੇ ਕੀ ਕਿਹਾ?
ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਸੀਟਾਂ ਜਿੱਤਣ ਨਾਲ ਡਾਇਨਾਸੌਰਾਂ ਦੇ ਆਉਣ ਦੀ ਗੱਲ ਹੋ ਰਹੀ ਹੈ, ਜਦੋਂ ਕਿ ਪਾਰਟੀ ਦਸ ਜ਼ਿਲ੍ਹਿਆਂ ਵਿੱਚ ਇੱਕ ਵੀ ਸੀਟ ਜਿੱਤਣ ਵਿੱਚ ਅਸਫਲ ਰਹੀ ਹੈ। ਸੁਖਬੀਰ ਬਾਦਲ 'ਤੇ ਤਿੱਖਾ ਹਮਲਾ ਕਰਦਿਆਂ ਰਾਜਾ ਵੜਿੰਗ ਨੇ ਕਿਹਾ, "ਇੱਕ ਅਜਿਹੇ ਵਿਅਕਤੀ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਆਪਣੇ ਆਪ ਨੂੰ ਚੰਗਾ ਅਤੇ ਆਪਣੇ ਪਿਤਾ ਨੂੰ ਬੁਰਾ ਕਹਿਣ 'ਤੇ ਖੁਸ਼ ਹੁੰਦਾ ਹੈ?"
ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਅਤੇ ਤੀਜੇ ਸਥਾਨ 'ਤੇ ਆਉਣ 'ਤੇ ਖੁਸ਼ ਹੈ। ਇਸ ਤੋਂ ਬੂਰੇ ਹਾਲਾਤ ਅਕਾਲੀ ਦਲ ਲਈ ਹੋਰ ਕੀ ਹੋ ਸਕਦੇ ਹਨ?