ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਨੇਤਾ ਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਕਾਂਗਰਸ ਕਮੇਟੀ (ਪੀਸੀਸੀ) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਤਣਾਅ ਬਾਰੇ ਵੱਡੀ ਗੱਲ ਕਹੀ ਹੈ। ਦੋਵੇਂ ਨੇਤਾਵਾਂ ਵਿਚਾਲੇ ਵਖਰੇਵਿਆਂ ਦੀਆਂ ਖ਼ਬਰਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਦੋਵਾਂ ਨੇਤਾਵਾਂ ਵਿਚਾਲੇ ਕੋਈ ਵਿਵਾਦ ਹੈ ਤਾਂ ਵੀ ਇਹ ਭਵਿੱਖ ਵਿੱਚ ਪਾਰਟੀ ਲਈ ਲਾਭਦਾਇਕ ਹੋਵੇਗਾ।


ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਰਾਵਤ ਨੇ ਕਿਹਾ ਕਿ ਲੋਕਾਂ ਦਾ ਮੰਨਣਾ ਹੈ ਕਿ ਪਾਰਟੀ ਆਗੂ ਪੰਜਾਬ ਵਿੱਚ ਲੜ ਰਹੇ ਹਨ ਕਿਉਂਕਿ 'ਬਹਾਦਰ' ਨੇਤਾਵਾਂ ਨੇ ਆਪਣੇ ਵਿਚਾਰ ਦ੍ਰਿੜਤਾ ਨਾਲ ਰੱਖੇ ਹਨ। ਉਨ੍ਹਾਂ ਕਿਹਾ, "ਪੰਜਾਬ ਨਾਇਕਾਂ ਦੀ ਧਰਤੀ ਹੈ। ਉੱਥੋਂ ਦੇ ਲੋਕ ਆਪਣੀ ਰਾਏ ਬਹੁਤ ਬੇਬਾਕੀ ਨਾਲ ਰੱਖਦੇ ਹਨ ਤੇ ਅਜਿਹਾ ਲੱਗਦਾ ਹੈ ਕਿ ਉਹ ਲੜਨਗੇ। ਪਰ, ਅਜਿਹਾ ਕੁਝ ਨਹੀਂ। ਉਹ ਆਪਣੀਆਂ ਸਮੱਸਿਆਵਾਂ ਦੇ ਆਪ ਹੱਲ ਲੱਭਦੇ ਹਨ। ਪੰਜਾਬ ਕਾਂਗਰਸ ਆਪਣੇ ਮੁੱਦਿਆਂ ਦਾ ਹੱਲ ਖੁਦ ਕਰ ਰਹੀ ਹੈ। ਅਸੀਂ ਕੁਝ ਨਹੀਂ ਕਰ ਰਹੇ।"


ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸਿੱਧੂ ਦੇ ਵਿੱਚ ਸਬੰਧਾਂ ਬਾਰੇ ਪੁੱਛਿਆ ਗਿਆ ਤਾਂ ਰਾਵਤ ਨੇ ਕਿਹਾ, "ਜੇਕਰ ਕੋਈ ਵਿਵਾਦ ਹੋਵੇਗਾ ਤਾਂ ਇਹ ਕਾਂਗਰਸ ਦੇ ਲਈ ਚੰਗਾ ਹੋਵੇਗਾ।"


ਰਾਵਤ ਨੇ ਕਿਸਾਨਾਂ ਦੀ ਵਿਰੋਧ ਕਰਨ ਲਈ ਹਰਿਆਣਾ ਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ “ਵੱਡੇ ਸੁਪਨੇ” ਦਿਖਾ ਕੇ ਕਿਸਾਨਾਂ ਨੂੰ ਲੁਭਾਉਂਦੀ ਹੈ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੇ ਹਿੱਤਾਂ ਦੇ ਵਿਰੁੱਧ ਕੰਮ ਕਰਦੀ ਹੈ।


ਰਾਵਤ ਨੇ ਏਐਨਆਈ ਨੂੰ ਦੱਸਿਆ, "ਭਾਜਪਾ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਆਮ ਲੋਕਾਂ ਨੂੰ ਲੁਭਾਉਂਦੀ ਹੈ ਪਰ ਜਦੋਂ ਉਨ੍ਹਾਂ ਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਇਸ ਦੇ ਉਲਟ ਕਰਦੇ ਹਨ। ਅੱਜ ਕਿਸਾਨਾਂ ਦੀ ਜ਼ਮੀਨ ਖ਼ਤਰੇ ਵਿੱਚ ਹੈ, ਕਿਸਾਨਾਂ ਦੀ ਮਾਰਕੀਟ, ਐਫਸੀਆਈ ਖ਼ਤਰੇ 'ਚ ਹੈ ਤੇ ਛੋਟੀਆਂ ਦੁਕਾਨਾਂ ਖ਼ਤਰੇ ਵਿੱਚ ਹਨ।" ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੂੰ ਪੁਲਿਸ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਹਰਿਆਣਾ ਕਿਸਾਨਾਂ 'ਤੇ ਅੱਤਿਆਚਾਰਾਂ ਦੀ ਧਰਤੀ ਬਣ ਗਿਆ ਹੈ।


ਇਹ ਵੀ ਪੜ੍ਹੋ: Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਜਾਣੋ ਹਾਲ, ਇਨ੍ਹਾਂ ਸੂਬਿਆਂ 'ਚ 100 ਰੁਪਏ ਤੋਂ ਪਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904