ਮਾਨਸਾ: ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਜਨਰਲ ਡਾਇਰ ਕਹਿ ਦਿੱਤਾ। ਹਾਲਾਂਕਿ ਵੜਿੰਗ ਦਾ ਇਹ ਹਮਲਾ ਸੰਕੇਤਕ ਸੀ। ਉਨ੍ਹਾਂ ਇਹ ਸਭ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਿਹਾ।


ਵੜਿੰਗ ਨੇ ਕਿਹਾ ਕਿ ਬਹਿਬਲ ਕਲਾਂ ਗੋਲ਼ੀਕਾਂਡ ਸਮੇਂ ਸੁਖਬੀਰ ਬਾਬਰ (ਬਾਦਲ) ਹੀ ਪੰਜਾਬ ਦੇ ਗ੍ਰਹਿ ਮੰਤਰੀ ਸਨ। ਉਨ੍ਹਾਂ ਦੁਹਰਾਇਆ ਕਿ ਬਾਬਰ ਨਾ ਕਿ ਬਾਦਲ। ਵੜਿੰਗ ਨੇ ਅੱਗੇ ਕਿਹਾ, "ਇਹ ਸਭ ਉਨ੍ਹਾਂ ਦੇ ਕਹਿਣ 'ਤੇ ਹੀ ਹੋਇਆ ਅਤੇ ਤੁਸੀਂ ਅੱਜ ਦੇ ਜਨਰਲ ਡਾਇਰ ਨੂੰ ਕੋਈ ਵੀ ਵੋਟ ਨਾ ਪਾਵੋ।"

ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਚਤੁਰਾਈ ਨਾਲ 'ਬਾਦਲ' ਦੀ ਥਾਂ 'ਤੇ 'ਬਾਬਰ' ਸ਼ਬਦ ਦੀ ਵਰਤੋਂ ਕਰ ਦਿੱਤੀ। ਇਹ ਉਵੇਂ ਹੀ ਸੀ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੁੱਕੀ ਸੀ ਕਿ ਉਹ ਚਾਰ ਹਫ਼ਤਿਆਂ ਵਿੱਚ ਨਸ਼ਿਆਂ ਦਾ ਲੱਕ ਤੋੜ ਦੇਣਗੇ। ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਨਸ਼ਿਆਂ ਦਾ ਖ਼ਾਤਮਾ ਕਰਨ ਵਾਲੀ ਦਰਸਾਈ ਗਈ ਸੀ ਪਰ ਤਕਨੀਕੀ ਤੌਰ 'ਤੇ ਅਜਿਹਾ ਨਹੀਂ ਸੀ। ਉਵੇਂ ਹੀ ਅੱਜ ਰਾਜਾ ਵੜਿੰਗ ਨੇ ਸੰਕੇਤਕ ਤੌਰ 'ਤੇ ਸੁਖਬੀਰ ਬਾਦਲ ਨੂੰ ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੇ ਦੋਸ਼ੀ ਜਨਰਲ ਡਾਇਰ ਨਾਲ ਮੇਲ ਦਿੱਤਾ ਹੈ।