Punjab Politics: ਪੰਜਾਬ ਕਾਂਗਰਸ ਵਿਚਾਲੇ ਚੱਲ ਰਿਹਾ ਕਲੇਸ਼ ਹਾਲ ਦੀ ਘੜੀ ਤਾਂ ਖ਼ਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਆਪਣਾ ਵੱਖਰਾ ਰਾਗ਼ ਅਲਾਪ ਰਹੇ ਹਨ ਪਰ ਇਸ ਵੇਲੇ ਪੰਜਾਬ ਕਾਂਗਰਸ ਦੇ ਇੰਚਾਰਜ ਵੀ ਸਿੱਧੂ ਨੂੰ ਮਨਾਉਣ ਦੇ ਮੂਡ ਵਿੱਚ ਨਹੀਂ ਦਿਖਾਈ ਦੇ ਰਹੇ ਹਨ।


ਕਾਂਗਰਸੀ ਆਗੂਆਂ ਵੱਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਵੀ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਪੱਧਰ ਉੱਤੇ ਰੈਲੀਆਂ ਕਰ ਰਹੇ ਹਨ ਇਸ ਦੇ ਬਾਵਜੂਦ ਵੀ ਸਿੱਧੂ ਨੂੰ ਪਾਰਟੀ ਦੀ ਚੋਣ ਕਮੇਟੀ ਵਿੱਚ ਸ਼ਾਮਲ ਕੀਤਾ ਹੈ ਪਰ ਸਿੱਧੂ ਇਨ੍ਹਾਂ ਵਿੱਚ ਹਿੱਸਾ ਲੈਣ ਤੋਂ ਕਿਨਾਰਾ ਵੱਟ ਰਹੇ ਹਨ।






ਇਸ ਸਭ ਖਿੱਚੋ-ਤਾਣ ਦੇ ਵਿਚਾਲੇ ਨਵਜੋਤ ਸਿੱਧੂ ਨੇ ਪਾਰਟੀ ਦੇ ਸਾਬਕਾ ਪ੍ਰਧਾਨ ਲਾਲ ਸਿੰਘ, ਸ਼ਮਸ਼ੇਰ ਸਿੰਘ ਦੁੱਲੋਂ, ਮਹਿੰਦਰ ਕੇਪੀ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੀ ਤਸਵੀਰ ਸਿੱਧੂ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਇਸ ਵਿੱਚ ਸਿੱਧੂ ਨੇ ਲਿਖਿਆ ਕਿ ਚਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨਾਂ ਵੱਲੋਂ ਮੌਜੂਦਾ ਰਾਜਨੀਤਿਕ ਹਲਾਤਾਂ ਉੱਤੇ ਚਰਚਾ।


ਜ਼ਿਕਰ ਕਰ ਦਈਏ ਕਿ ਪੰਜਾਬ ਕਾਂਗਰਸ ਵੱਲੋਂ ਇਨ੍ਹਾਂ ਦਿਨਾਂ ਵਿੱਚ ਵਰਕਰਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੀ ਦੇਖ ਰੇਖ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਰ ਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਰ ਰਹੇ ਹਨ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਤੋਂ ਦੂਰੀ ਬਣਾਈ ਹੋਈ ਹੈ।


ਜੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਸਿੱਧੂ ਨੂੰ ਮਨਾਉਣ ਦੇ ਮੂ਼ਡ ਵਿੱਚ ਨਹੀਂ ਜਾਪਦੇ ਹਨ। ਇਸ ਮੌਕੇ ਵੜਿੰਗ ਨੇ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਹਰ ਮੀਟਿੰਗ ਵਿੱਚ ਲਾਈ ਜਾਵੇ। 


ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਲੀਡਰ ਹਨ ਜਿਨ੍ਹਾਂ ਦੇ ਪੋਸਟਰ ਨਹੀਂ ਲਾਏ ਗਏ ਹਨ। ਪੰਜਾਬ ਕਾਂਗਰਸ ਵਿੱਚ ਅਹੁਦੇਦਾਰਾਂ ਮੁਤਾਬਕ ਹੀ ਫੋਟੋ ਲਾਈ ਜਾਂਦੀ ਹੈ। ਕਈ ਸੀਨੀਅਰ ਨੇਤਾ ਹਨ ਜੋ ਸਾਬਕਾ ਹੋ ਜਾਂਦੇ ਹਨ। ਵੜਿੰਗ ਵੀ ਕਿਸੇ ਦਿਨ ਸਾਬਕਾ ਹੋ ਜਾਵੇਗਾ, ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਉਹ ਸਾਬਕਾ ਹੋ ਜਾਵੇ ਉਸ ਦੀ ਫੋਟੋ ਹਰ ਜਗ੍ਹਾ ਉੱਤੇ ਲਾਈ ਜਾਵੇ। ਫੋਟੋ ਕਲਚਰ ਅਕਾਲੀ ਦਲ ਵਿੱਚ ਹੈ ਜਿੱਥੇ ਪੂਰੇ ਟੱਬਰ ਦੀ ਫੋਟੋ ਲਾਉਣਾ ਜ਼ਰੂਰੀ ਹੈ ਪਰ ਕਾਂਗਰਸ ਅਨੁਸ਼ਾਸਨ ਵਿੱਚ ਰਹਿਣ ਵਾਲੀ ਪਾਰਟੀ ਹੈ।