ਅੰਮ੍ਰਿਤਸਰ: ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਹਰਦੀਪ ਪੁਰੀ ਨੂੰ ਅੰਮ੍ਰਿਤਸਰ ਵਾਸੀਆਂ ਲਈ ਰੈਡੀਮੇਡ ਮੰਤਰੀ ਭੇਜ ਦਿੱਤਾ ਹੈ। ਸ਼ਾਹ ਨੇ ਦਾਅਵਾ ਕੀਤਾ ਕਿ ਉਹ ਜਿੱਥੇ ਵੀ ਚੋਣ ਪ੍ਰਚਾਰ ਲਈ ਗਏ ਹਨ, ਲੋਕਾਂ ਨੇ ਪੁਰੀ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ 1984 ਸਿੱਖ ਕਤਲੇਆਮ ਅਤੇ ਕਰਤਾਰਪੁਰ ਸਾਹਿਬ ਗਲਿਆਰੇ ਲਈ ਕਾਂਗਰਸ ਪਾਰਟੀ ਨੂੰ ਖੂਬ ਘੇਰਿਆ।

ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਤੋਂ ਸਾਂਝੇ ਉਮੀਦਵਾਰ ਅਤੇ ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਪੁਰੀ ਲਈ ਚੋਣ ਪ੍ਰਚਾਰ ਕਰਨ ਅੰਮ੍ਰਿਤਸਰ ਪਹੁੰਚੇ ਅਮਿਤ ਸ਼ਾਹ ਨੇ ਕਿਹਾ ਕਿ ਉਹ ਗੁਰੂ ਨਗਰੀ ਆ ਕੇ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤਾਂ ਅੰਮ੍ਰਿਤਸਰ ਵਾਸੀਆਂ ਨੂੰ ਪਹਿਲਾਂ ਹੀ ਮੰਤਰੀ ਦੇ ਦਿੱਤਾ ਹੈ ਅਤੇ ਉਹ ਉਨ੍ਹਾਂ ਨੂੰ ਸਿਰਫ ਐਮਪੀ ਬਣਾਉਣ।

ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਵਿਕਾਸ ਹੋਇਆ, ਜੋ ਦੁਨੀਆ ਭਰ ਵਿੱਚ ਮਿਸਾਲ ਹੈ ਅਤੇ ਬਾਲਮੀਕ ਮੰਦਿਰ ਵੀ ਉਸ ਸਮੇਂ ਹੀ ਬਣਿਆ ਹੈ। ਉਨ੍ਹਾਂ ਕਿਹਾ ਕਿ ਸਿਰਫ ਅੰਮ੍ਰਿਤਸਰ ਵਿੱਚ 1,800 ਕਰੋੜ ਦੇ ਵਿਕਾਸ ਕਾਰਜ ਕਰਵਾਏ ਗਏ ਹਨ।

ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਫਾਰਮ ਹਾਊਸ ਤੋਂ ਬਾਹਰ ਆਉਣ ਲੱਗੇ ਕਾਫੀ ਤਕਲੀਫ ਹੁੰਦੀ ਹੈ, ਉਹ ਪੰਜਾਬ ਦਾ ਵਿਕਾਸ ਕੀ ਕਰਨਗੇ।