Farmer Protest: ਕਿਸਾਨ ਅੰਦੋਲਨ 2.0 ਨੂੰ ਫੈਲਦਾ ਵੇਖ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਐਕਸ਼ਨ ਮੋਡ ਵਿੱਚ ਆ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਪੱਤਰ ਲਿਖ ਕੇ ਚੇਤਾਵਨੀ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਅੰਨਦਾਤਿਆਂ ਦੀ ਆੜ ਵਿੱਚ ਸ਼ਰਾਰਤੀ ਅਨਸਰ ਹਰਿਆਣਾ ਦੀਆਂ ਹੱਦਾਂ ਉੱਪਰ ਭਾਰੀ ਮਸ਼ੀਨਰੀ ਇਕੱਠੀ ਕਰ ਰਹੇ ਹਨ। ਉਹ ਸੁਰੱਖਿਆ ਬਲਾਂ ਉਪਰ ਪਥਰਾਅ ਕਰ ਰਹੇ ਹਨ। ਅਜਿਹੇ 'ਚ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸੂਤਰਾਂ ਦਾ ਹਵਾਲਾ ਨਾਲ ਨਿਊਜ਼ ਏਜੰਸੀ ਪੀਟੀਆਈ ਨੇ ਮੰਗਲਵਾਰ (20 ਫਰਵਰੀ, 2024) ਨੂੰ ਰਿਪੋਰਟ ਵਿੱਚ ਦੱਸਿਆ ਹੈ ਕਿ ਜੇ ਕੇਂਦਰ ਦੇ ਅਨੁਮਾਨਾਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ 1,200 ਟਰੈਕਟਰ-ਟਰਾਲੀਆਂ, 300 ਕਾਰਾਂ ਤੇ 10 ਮਿੰਨੀ ਬੱਸਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਵਾਹਨਾਂ ਨਾਲ ਪੰਜਾਬ-ਹਰਿਆਣਾ ਦੀ ਸਰਹੱਦ 'ਤੇ ਕਰੀਬ 14,000 ਲੋਕ ਇਕੱਠੇ ਹੋਏ ਹਨ। ਇਸ ਨੂੰ ਵੇਖਦਿਆਂ ਕੇਂਦਰ ਨੇ ਇਸ ਮੁੱਦੇ 'ਤੇ ਪੰਜਾਬ ਸਰਕਾਰ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।
ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਹੋਰ ਕੀ ਕਿਹਾ?
ਪੰਜਾਬ ਸਰਕਾਰ ਨੂੰ ਲਿਖੇ ਪੱਤਰ 'ਚ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅਜਿਹਾ ਲੱਗਦਾ ਹੈ ਕਿ ਅੰਦੋਲਨ ਦੀ ਆੜ 'ਚ ਸ਼ਰਾਰਤੀ ਅਨਸਰਾਂ ਤੇ ਕਾਨੂੰਨ ਤੋੜਨ ਵਾਲਿਆਂ ਨੂੰ ਪਥਰਾਅ ਕਰਨ ਤੇ ਭਾਰੀ ਮਸ਼ੀਨਰੀ ਜੁਟਾਉਣ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਦਾ ਇਰਾਦਾ ਗੁਆਂਢੀ ਰਾਜਾਂ ਵਿੱਚ ਅਸ਼ਾਂਤੀ ਤੇ ਅਰਾਜਕਤਾ ਫੈਲਾਉਣਾ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਅੰਦੋਲਨ ਦੀ ਆੜ ਵਿੱਚ ਫੁੱਟ ਪਾਉਣ ਵਾਲੀਆਂ ਹਰਕਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਨੱਥ ਪਾਉਣ ਲਈ ਤੁਰੰਤ ਸਮੀਖਿਆ ਕਰਕੇ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਕਿ ਰਿਪੋਰਟਾਂ ਅਨੁਸਾਰ, ਅਦਾਲਤ ਨੇ ਪੰਜਾਬ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿੱਚ ਇਕੱਠੇ ਨਾ ਹੋਣ ਤੇ ਖਾਸ ਕਰਕੇ ਹਾਈਵੇਅ 'ਤੇ ਟਰੈਕਟਰ-ਟਰਾਲੀਆਂ, ਜੇਸੀਬੀ ਤੇ ਹੋਰ ਭਾਰੀ ਸਾਜ਼ੋ-ਸਾਮਾਨ ਦੀ ਵਰਤੋਂ ਨਾ ਕਰਨ। ਇਸ ਲਈ ਪੰਜਾਬ ਸਰਕਾਰ ਅਦਾਲਤੀ ਹੁਕਮ ਮੁਤਾਬਕ ਕਾਰਵਾਈ ਕਰੇ।
ਦਰਅਸਲ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਰਾਜਪੁਰਾ-ਅੰਬਾਲਾ ਰੋਡ 'ਤੇ ਸਥਿਤ ਸ਼ੰਭੂ ਬੈਰੀਅਰ 'ਤੇ ਕਰੀਬ 14,000 ਲੋਕ ਇਕੱਠੇ ਹੋਣ ਦਿੱਤੇ ਗਏ ਹਨ। ਉਨ੍ਹਾਂ ਨਾਲ ਕਰੀਬ 1200 ਟਰੈਕਟਰ-ਟਰਾਲੀਆਂ, 300 ਕਾਰਾਂ, 10 ਮਿੰਨੀ ਬੱਸਾਂ ਤੇ ਹੋਰ ਛੋਟੀਆਂ ਗੱਡੀਆਂ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਨੇ ਢਾਬੀ-ਗੁਜਰਾਂ ਬੈਰੀਅਰ 'ਤੇ ਕਰੀਬ 500 ਟਰੈਕਟਰ-ਟਰਾਲੀਆਂ ਸਮੇਤ ਕਰੀਬ 4500 ਲੋਕ ਇਕੱਠੇ ਹੋਏ ਹਨ। ਇਨ੍ਹਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ।