ਚੰਡੀਗੜ੍ਹ: ਪੰਜਾਬ ਪੁਲਿਸ ਨੇ ਇੰਟਰਪੋਲ ਦੀ ਮਦਦ ਨਾਲ 2017 ਵਿੱਚ ਗੜਦੀਵਾਲਾ ’ਚ ਹੋਏ ਅਮਰੀਕ ਸਿੰਘ ਦੇ ਕਤਲ ਕਾਂਡ ਵਿੱਚ ਮਾਸਟਰਮਾਈਂਡ ਪ੍ਰਭਜੋਤ ਸਿੰਘ ਜੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐਸਪੀ ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਪ੍ਰਭਜੋਤ ਸਿੰਘ ਅਮਰੀਕ ਸਿੰਘ ਦੇ ਕਤਲ ਦਾ ਮੁੱਖ ਮੁਲਜ਼ਮ ਹੈ। ਉਸ ਨੇ ਦੁਬਈ ਵਿੱਚ ਬੈਠ ਕੇ ਅਮਰੀਕ ਸਿੰਘ ਦੇ ਕਤਲ ਦੀ ਸਾਜ਼ਿਸ਼ ਘੜੀ ਸੀ।
ਤਿੰਨ ਫਰਵਰੀ ਨੂੰ ਪੰਜਾਬ ਪੁਲਿਸ ਦੁਬਈ ਗਈ ਤੇ ਇੰਟਰਪੋਲ ਦੀ ਮਦਦ ਨਾਲ 7 ਫਰਵਰੀ ਨੂੰ ਪ੍ਰਭਜੋਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਭਾਰਤ ਲਿਆਉਣ ਪਿੱਛੋਂ ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਉਸ ਨੂੰ ਦੋ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਦਰਅਸਲ ਅਮਰੀਕ ਸਿੰਘ ਕਤਲ ਕਾਂਡ ਪੁਰਾਣੀ ਦੁਸ਼ਮਣੀ ਦਾ ਨਤੀਜਾ ਹੈ। ਲੰਮੇ ਸਮੇਂ ਤੋਂ ਅਮਰੀਕ ਸਿੰਘ ਤੇ ਪ੍ਰਭਜੋਤ ਦੇ ਪਰਿਵਾਰ ਵਿਚਾਲੇ ਗੈਂਗਵਾਰ ਚੱਲ ਰਿਹਾ ਸੀ। ਇਸੇ ਕਰਕੇ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਆਪਣੀ ਜਾਨ ਗਵਾਉਣੀ ਪਈ।
ਪ੍ਰਭਜੋਤ ਦੇ ਪਰਿਵਾਰ ਦੀ ਗੱਲ ਕੀਤੀ ਜਾਏ ਤਾਂ 2013 ਵਿੱਚ ਉਸ ਦੇ ਵੱਡਾ ਭਰਾ ਨਿਸ਼ਾਨ ਸਿੰਘ ਸ਼ਾਨਾ ਨੂੰ ਇੱਕ ਗੈਂਗਵਾਰ ਦੌਰਾਨ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਦੂਜੇ ਭਰਾ ਸਤਨਾਮ ਸਿੰਘ ਨੂੰ 2017 ’ਚ ਚੰਡੀਗੜ੍ਹ ਦੇ ਸੈਕਟਰ 38 ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਗੋਲ਼ੀਆਂ ਮਾਰ ਦਿੱਤੀਆਂ ਗਈਆਂ ਸੀ। ਉਸ ਦੇ ਬਾਅਦ 7 ਦਸੰਬਰ, 2017 ਨੂੰ ਪ੍ਰਭਜੋਤ ਖ਼ਿਲਾਪ ਅਮਰੀਕ ਸਿੰਘ ਦੇ ਕਤਲ ਦਾ ਮਾਮਲਾ ਦਰਜ ਹੋਇਆ ਸੀ।
ਪੁਲਿਸ ਨੇ ਦੱਸਿਆ ਕਿ ਪ੍ਰਭੋਜਤ ਦਾ ਭਰਾ ਜੰਗ ਬਹਾਦਰ ਕੈਨੇਡਾ ਵਿੱਚ ਹੈ ਜੋ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਨ੍ਹਾਂ ਦੇ ਹੋਰ ਸਾਥੀ ਗ੍ਰਿਫ਼ਤਾਰ ਹੋ ਚੁੱਕੇ ਹਨ। ਦੱਸਿਆ ਜਾਂਦਾ ਹੈ ਕਿ ਪ੍ਰਭਜੋਤ ਖਿਲਾਫ ਹੋਰ ਥਾਣਿਆਂ ਵਿੱਚ ਵੀ ਨਸ਼ਾ ਤਸਕਰੀ, ਕਤਲ ਤੇ ਹੋਰ ਮਾਮਲਿਆਂ ਸਬੰਧੀ ਕੇਸ ਦਰਜ ਹਨ। ਟਾਂਡਾ ਪੁਲਿਸ ਪ੍ਰਭੋਜਤ ਦੀ ਗ੍ਰਿਫ਼ਤਾਰੀ ਨੂੰ ਵੱਡੀ ਸਫ਼ਲਤਾ ਮੰਨ ਰਹੀ ਹੈ।