ਬਠਿੰਡਾ: ਲੋਕ ਸਭਾ ਹਲਕਾ ਬਠਿੰਡਾ ਤੋ ਕਾਂਗਰਸ ਵੱਲੋ ਮੈਦਾਨ ਵਿੱਚ ਉਤਾਰੇ ਗਏ ਹਲਕਾ ਗਿੱਦੜਬਾਹਾ ਦੇ ਮੌਜੂਦਾ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਬਾਦਲਾਂ ਖਿਲਾਫ ਚੋਣ ਲੜਨ ਦਾ ਬਹੁਤ ਚਾਅ ਚੜਿਆ ਹੈ ਜੋ ਦੁਨੀਆ ਦੇ ਸਭ ਤੋ ਅਮੀਰ ਸਿੱਖ ਹਨ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦਾ ਫਖ਼ਰ ਮਹਿਸੂਸ ਕਰ ਰਹੇ ਹਨ। ਇਸ ਮੌਕੇ ਜਗਮੀਤ ਬਰਾੜ 'ਤੇ ਤੰਜ ਕੱਸਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜਗਮੀਤ ਬਰਾੜ ਬਾਦਲਾਂ ਦੇ ਪੈਰੀਂ ਡਿੱਗ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।

ਸੋਮਵਾਰ ਨੂੰ ਰਾਜਾ ਵੜਿੰਗ ਨੇ ਬਾਦਲਾਂ ਦੇ ਨਿੱਜੀ ਪਿੰਡ ਬਾਦਲ ਤੋਂ ਆਪਣੀ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼ ਕੀਤਾ ਤੇ ਹਲਕਾ ਲੰਬੀ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਖੁਦਿਆ ਵਿੱਚ ਗੁਰਮੀਤ ਸਿੰਘ ਦੇ ਘਰ ਭਾਰੀ ਇਕੱਠ ਕੀਤਾ ਗਿਆ। ਇਸ ਵਿੱਚ ਹਲਕੀ ਲੰਬੀ ਦੇ ਲੋਕਾਂ ਨੇ ਰਾਜਾ ਵੜਿੰਗ ਨੂੰ ਵਿਸ਼ਵਾਸ ਦਿਵਾਇਆ ਕੇ ਉਹ ਭਾਰੀ ਬਹੁਮਤ ਨਾਲ ਉਨ੍ਹਾਂ ਨੂੰ ਜਿੱਤ ਦਿਵਾਉਣਗੇ।

ਇਸ ਮੌਕੇ ਲੋਕ ਸਭਾ ਹਲਕਾ ਬਠਿੰਡਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਲੋਕ ਸਭਾ ਵਿੱਚ ਜਾਣ ਦਾ ਮੌਕਾ ਦੇਣ। ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹ ਜਿੱਤਣ ਤੋਂ ਬਾਅਦ ਇਸ ਹਲਕੇ ਦੀ ਸੇਵਾ ਕਰਦੇ ਰਹਿਣਗੇ।