ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਸੀਟ ਅਕਾਲੀ ਦਲ ਕੋਲ ਹੀ ਰਹੀ ਹੈ। ਇਸ ਵਾਰ ਵੀ ਵੱਡੀ ਜਿੱਤ ਨਾਲ ਸੁਨਹਿਰੀ ਅੱਖਰਾਂ ਵਿੱਚ ਇਸ ਸੀਟ ਦਾ ਇਤਿਹਾਸ ਲਿਖਿਆ ਜਾਵੇਗਾ।


ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੀ ਬੀਬੀ ਪਰਮਜੀਤ ਕੌਰ ਖਾਲੜਾ ਬਾਰੇ ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਦੀ ਗੁੰਮਸ਼ੁਦਗੀ ਦਾ ਮੁੱਦਾ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਚੁੱਕਿਆ ਸੀ। ਸ਼੍ਰੋਮਣੀ ਕਮੇਟੀ ਨੇ ਹੀ ਇਨ੍ਹਾਂ ਦੀ ਪੈਰਵਾਈ ਕੀਤੀ ਸੀ। ਹੁਣ ਕੁਝ ਲੋਕ ਇਸ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਾਮਯਾਬ ਨਹੀਂ ਹੋਣਗੇ।

ਆਪਣੇ ਸਿਆਸੀ ਸਫਰ ਬਾਰੇ ਦੱਸਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਵਿਵਾਦਾਂ ਨਾਲ ਨਾਤਾ ਰਿਹਾ ਹੈ ਪਰ ਇਸ ਪਿੱਛੇ ਉਨ੍ਹਾਂ ਦੇ ਵਿਰੋਧੀਆਂ ਦੀ ਚਾਲ ਸੀ ਤਾਂ ਕਿ ਉਨ੍ਹਾਂ ਨੂੰ ਬਦਨਾਮ ਕੀਤਾ ਜਾਵੇ। ਉਨ੍ਹਾਂ ਦਾ ਸਿਆਸੀ ਜੀਵਨ ਜਦੋਂ ਸਫਲਤਾ ਵੱਲ ਵਧਿਆ ਤਾਂ ਵਿਰੋਧੀਆਂ ਨੇ ਕੋਝੀਆਂ ਚਾਲਾਂ ਚੱਲ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਸਭ ਵਿੱਚੋਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਨਿਕਲ ਆਏ।

ਬੇਅਦਬੀ ਕਾਂਡ ਬਾਰੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਲੋਕਾਂ ਦੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਬੇਅਦਬੀ ਤੇ ਦੋ ਨੌਜਵਾਨਾਂ ਦੀ ਮੌਤ ਦਾ ਦੁੱਖ ਹੈ, ਪਰ ਸਿਆਸੀ ਵਿਰੋਧੀਆਂ ਨੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਇਸ ਦਾ ਇਸਤੇਮਾਲ ਕੀਤਾ ਤੇ ਅਕਾਲੀ ਦਲ ਨੂੰ ਬਦਨਾਮ ਕੀਤਾ।

ਬੀਬੀ ਜਗੀਰ ਕੌਰ ਨੇ ਇਹ ਵੀ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਸਰਕਾਰ ਨੇ ਜੋ-ਜੋ ਵਾਅਦੇ ਕੀਤੇ ਸੀ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਹੁਣ ਲੋਕ ਅਕਾਲੀ ਦਲ ਦੇ ਨਾਲ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਐਨਡੀਏ ਸਰਕਾਰ ਦੀਆਂ ਉਪਲੱਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਦੇ ਵਿੱਚ ਐਨਡੀਏ ਦੀ ਹੀ ਸਰਕਾਰ ਬਣੇਗੀ।