ਫ਼ਰੀਦਕੋਟ: ਕੋਟਕਪੁਰਾ ਗੋਲ਼ੀ ਕਾਂਡ ਮਾਮਲੇ ਵਿੱਚ ਘਿਰੇ ਆਈਜੀ ਪਰਮਰਾਜ ਉਮਰਾਨੰਗਲ ਸੋਮਵਾਰ ਨੂੰ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਨੇ 10 ਜੂਨ ਨੂੰ ਮੁੜ ਪੇਸ਼ ਹੋਣ ਲਈ ਤਾਰੀਖ਼ ਦੇ ਦਿੱਤੀ ਹੈ। ਇਸ ਮੌਕੇ ਉਮਰਾਨੰਗਲ ਦੇ ਵਕੀਲ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਇਹ ਨਾਰਮਲ ਹਾਜ਼ਰੀ-ਪੇਸ਼ੀ ਹੈ ਕਿਉਂਕਿ ਹੁਣ ਤਕ ਇਸ ਮਾਮਲੇ ਵਿੱਚ ਕੋਈ ਚਲਾਨ ਪੇਸ਼ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਅਦਾਲਤ ਵਿੱਚ ਇਸ ਮਾਮਲੇ ਬਾਰੇ ਕੋਈ ਕਾਰਵਾਈ ਨਹੀਂ ਹੋ ਰਹੀ।


ਆਈਜੀ ਦਾ ਪੁਲਿਸ ਰਿਮਾਂਡ ਖਤਮ ਹੋਣ ਪਿੱਛੋਂ ਉਨ੍ਹਾਂ ਨੂੰ ਪਟਿਆਲਾ ਜ਼ੇਲ੍ਹ ਵਿੱਚ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਫ਼ਰੀਦਕੋਟ ਦੀ ਸ਼ੈਸ਼ਨ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ 7 ਮਾਰਚ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਉਸ ਦੇ ਬਾਅਦ ਉਮਰਾਨੰਗਲ ਨੇ ਹਾਈਕੋਰਟ ਵਿੱਚ ਆਪਣੀ ਜ਼ਮਾਨਤ ਅਰਜ਼ੀ ਦਰਜ ਕੀਤੀ ਗਈ ਸੀ ਜਿੱਥੇ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਇਸੇ ਸਬੰਧੀ ਅੱਜ ਉਹ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਹੋਏ ਸੀ।

ਦੱਸ ਦੇਈਏ ਕੋਟਕਪੂਰਾ ਗੋਲ਼ੀ ਕਾਂਡ ਵਿੱਚ SIT ਵੱਲ਼ੋਂ ਨਾਮਜ਼ਦ ਕੀਤੇ ਜਾਣ ਮਗਰੋਂ SIT ਨੇ ਆਈਜੀ ਪਰਮਰਾਜ ਉਮਰਾਨੰਗਲ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰੀ ਕੀਤਾ ਸੀ। ਇਸ ਤੋਂ ਬਾਅਦ SIT ਨੇ ਆਈਜੀ ਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ। ਸਿੱਟ ਨੇ ਦਾਅਵਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਿੱਛੋਂ ਕੋਟਕਪੁਰਾ ਵਿੱਚ IG ਪਰਮਰਾਜ ਉਮਰਾਨੰਗਲ ਦੀ ਅਗਵਾਈ ਹੇਠ ਹੀ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ 'ਤੇ ਪੁਲਿਸ ਕਾਰਵਾਈ ਕੀਤੀ ਗਈ ਸੀ।