ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਪਰਮਜੀਤ ਕੌਰ ਖਾਲੜਾ ਦਾ ਪੰਜਾਬ ਏਕਤਾ ਪਾਰਟੀ ਦੀ ਟਿਕਟ 'ਤੇ ਚੋਣ ਲੜਨਾ ਸਹੀ ਨਹੀਂ ਲੱਗ ਰਿਹਾ। ਟਕਸਾਲੀਆਂ ਨੇ ਚਾਹੇ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਵਿੱਚ ਆਪਣਾ ਉਮੀਦਵਾਰ ਜਨਰਲ ਜੇਜੇ ਸਿੰਘ ਵਾਪਸ ਲੈ ਲਿਆ ਹੈ ਪਰ ਉਹ ਵੀ ਚਾਹੁੰਦੇ ਹਨ ਕਿ ਬੀਬੀ ਖਾਲੜਾ ਆਜ਼ਾਦ ਚੋਣ ਲੜਨ।


ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਖਹਿਰਾ ਨੂੰ ਕਿਹਾ ਕਿ ਉਹ ਆਪਣੀ ਜ਼ਿੱਦ ਛੱਡ ਕੇ ਬੀਬੀ ਖਾਲੜਾ ਨੂੰ ਖਡੂਰ ਸਾਹਿਬ ਹਲਕੇ ਤੋਂ ਆਪਣੀ ਪਾਰਟੀ ਦੀ ਥਾਂ ’ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਣ ਤਾਂ ਜੋ ਕਾਂਗਰਸ ਤੇ ਬਾਦਲ ਦਲ ਨੂੰ ਮਾਤ ਦਿੱਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਖਹਿਰਾ ਤੇ ਲੋਕ ਆਵਾਜ਼ ਨੂੰ ਸੁਣ ਕੇ ਆਪਣੇ ਉਮੀਦਵਾਰ ਜੇਜੇ ਸਿੰਘ ਨੂੰ ਬੀਬੀ ਖਾਲੜਾ ਦੇ ਹੱਕ ’ਚ ਬਿਠਾ ਦਿੱਤਾ ਹੈ। ਹੁਣ ਖਹਿਰਾ ਨੂੰ ਵੀ ਆਪਣੀ ਜ਼ੁਬਾਨ ਪੁਗਾਉਣੀ ਚਾਹੀਦੀ ਹੈ। ਉਨ੍ਹਾਂ ਖਹਿਰਾ ਨੂੰ ਸੁਚੇਤ ਕੀਤਾ ਕਿ ਹਲਕਾ ਖਡੂਰ ਸਾਹਿਬ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਵਿਸ਼ਾਲ ਆਧਾਰ ਹੈ। ਉਨ੍ਹਾਂ ਨੂੰ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਜੇ ਬੀਬੀ ਖਾਲੜਾ ਖਹਿਰਾ ਦੀ ਪਾਰਟੀ ਦੀ ਥਾਂ ਆਜ਼ਾਦ ਚੋਣ ਲੜਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਹਮਾਇਤ ਕਰ ਸਕਦੀ ਹੈ।

ਮੰਨਿਆ ਜਾ ਰਿਹਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਬੀਬੀ ਖਾਲੜਾ ਦੀ ਹਮਾਇਤ ਕਰ ਦੇਵੇ ਤਾਂ ਉਨ੍ਹਾਂ ਹਾਲਤ ਸਭ ਤੋਂ ਮਜ਼ਬੂਤ ਹੋ ਜਾਏਗੀ। ਖਡੂਰ ਸਾਹਿਬ ਦੀ ਪੰਥਕ ਵੋਟ ਪਹਿਲਾਂ ਹੀ ਬੀਬੀ ਖਾਲੜਾ ਨਾਲ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਖਿਲਾਫ ਰੋਸ ਹੋਣ ਕਰਕੇ ਵੀ ਬੀਬੀ ਖਾਲੜਾ ਨੂੰ ਲਾਹਾ ਮਿਲ ਰਿਹਾ ਹੈ। ਇਸ ਲਈ ਜੇਕਰ ਸਮੂਹ ਧਿਰਾਂ ਬੀਬੀ ਖਾਲੜਾ ਦੇ ਹੱਕ ਵਿੱਚ ਆਉਂਦੀਆਂ ਹਨ ਤਾਂ ਇਸ ਹਲਕੇ ਦੀ ਰੁਖ ਬਦਲ ਸਕਦਾ ਹੈ।