ਚੰਡੀਗੜ੍ਹ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਥਿਆਰਾਂ ਦੀ ਸਿਖਲਾਈ ਬਾਰੇ ਦਿੱਤੇ ਗਏ ਬਿਆਨ ਉੱਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮੁੜ ਭੜਕੇ ਹਨ। ਰਾਜਾ ਵੜਿੰਗ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰੂ ਘਰਾਂ ਵਿੱਚ ਆਧੁਨਿਕ ਹਥਿਆਰਾਂ ਦੀ ਸਿਖਲਾਈ ਦਿੱਤੇ ਜਾਣ ਦੇ ਸੱਦੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਥੇਦਾਰ ਦੁਨੀਆ ਤੇ ਖਾਸ ਕਰਕੇ ਖਾਸ ਕਰਕੇ ਸਿੱਖ ਕੌਮ ਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।



ਰਾਜਾ ਵੜਿੰਗ ਨੇ ਜਥੇਦਾਰ ਨੂੰ ਸੁਆਲ ਕੀਤਾ, ‘‘ਕੀ ਤੁਸੀਂ ਸਾਰਿਆਂ ਜਾਂ ਸਿਰਫ ਸਿੱਖਾਂ ਲਈ ਹਥਿਆਰਾਂ ਦੀ ਸਿਖਲਾਈ ਦੀ ਵਕਾਲਤ ਕਰ ਰਹੇ ਹੋ ਤੇ ਕੀ ਇਸ ਨਾਲ ਦੂਜਿਆਂ ਵਿੱਚ ਅਸੁਰੱਖਿਆ ਤੇ ਅਵਿਸ਼ਵਾਸ ਦੀ ਭਾਵਨਾ ਪੈਦਾ ਨਹੀਂ ਹੋਵੇਗੀ।’’ ਉਨ੍ਹਾਂ ਅਪੀਲ ਕੀਤੀ ਕਿ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦੀ ਥਾਂ ਜਥੇਦਾਰ ਸ਼ਾਂਤੀ ਦਾ ਸੰਦੇਸ਼ ਫੈਲਾਉਣ।

ਇਸੇ ਤਰ੍ਹਾਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਹਥਿਆਰਾਂ ਦੀ ਥਾਂ ਸਿੱਖੀ ਸਿਧਾਤਾਂ ਬਾਰੇ ਦੱਸਿਆ ਜਾਵੇ ਕਿਉਂਕਿ ਸੰਗਤ ਪ੍ਰਚਾਰ ਤੇ ਅਧਿਆਤਮਿਕਤਾ ਤੋਂ ਵਾਂਝੀ ਹੈ।



ਰੰਧਾਵਾ ਨੇ ਟਵੀਟ ਵਿੱਚ ਕਿਹਾ ਕਿ ਜਥੇਦਾਰ ਦਾ ਕੰਮ ਗੁਰੂ ਦਾ ਸਿੱਖ ਬਣਾਉਣਾ ਹੈ। ਗੁਰੂ ਦਾ ਸਿੱਖ ਆਪਣੀ ਰੱਖਿਆ ਖ਼ੁਦ ਕਰ ਸਕਦਾ ਹੈ। ਰੰਧਾਵਾ ਨੇ ਇਹ ਸੁਆਲ ਵੀ ਉਠਾਏ, ‘‘ਜਦੋਂ ਤੋਂ ਤੁਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਹੋ, ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਧਰਮ ਪ੍ਰਚਾਰ ਕਮੇਟੀਆਂ ਬਣਾਈਆਂ ਗਈਆਂ, ਜੋ ਕਿ ਸਾਡੇ ਧਰਮ ਦਾ ਪ੍ਰਚਾਰ ਕਰ ਸਕਣ। ਕਿੰਨਿਆਂ ਨੂੰ ਗੁਰੂ ਘਰ ਨਾਲ ਜੋੜਿਆ।’’


ਦੱਸ ਦੇਈਏ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਸ਼ਸਤਰ ਧਾਰੀ ਹੋਣ ਦਾ ਸੱਦਾ ਦਿੰਦਿਆਂ ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਗਤਕਾ ਅਕੈਡਮੀਆਂ ਤੇ ਸ਼ੂਟਿੰਗ ਰੇਂਜਾਂ ਸਥਾਪਿਤ ਕਰ ਕੇ ਸਿੱਖਾਂ ਨੂੰ ਆਧੁਨਿਕ ਹਥਿਆਰਾਂ ਦੀ ਸਿਖਲਾਈ ਦਿੱਤੀ ਜਾਵੇ।

ਉਨ੍ਹਾਂ ਕਿਹਾ, ''ਜਿਹੜੇ ਦੂਜੇ ਲੋਕ ਹਨ, ਉਹ ਲੁਕ ਛਿਪ ਕੇ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਰਹੇ ਹਨ. ਅਸੀਂ ਲੁਕ ਛਿਪ ਕੇ ਨਹੀਂ ਖੁੱਲੇਆਮ ਦਿਆਂਗੇ।' ''ਅੱਜ ਵਕਤ ਆ ਗਿਆ ਹੈ ਕਿ ਅਸੀਂ ਇਕੱਠੇ ਹੋਈਏ, ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ, ਸ਼ਸਤਰ ਅਭਿਆਸ ਵਾਲੇ ਪਾਸੇ ਲਾਈਏ, ਬਾਣੀ ਦੇ ਅਧਿਐਨ ਵਾਲੇ ਪਾਸੇ ਲਾਈਏ।''