ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਇਕਾਂ ਦੀ ਖਰੀਦ ਫ਼ਰੋਖ਼ਤ ਕਰਨ ਅਤੇ ਉਨ੍ਹਾਂ ਨੂੰ 20-25 ਕਰੋੜ ਰੁਪਏ ਪ੍ਰਤੀ ਵਿਧਾਇਕ ਆਫ਼ਰ ਦੇਣ ਦੇ ਆਪ ਦੇ ਆਰੋਪਾਂ ਨੂੰ ਹਾਸੋਹੀਣਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਅਜਿਹਾ ਕਰਨ ਦੇ ਸਮਰੱਥ ਹੈ ਅਤੇ ਉਨ੍ਹਾਂ ਦਾ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਦੀ ਖਰੀਦ ਫ਼ਰੋਖ਼ਤ ਕਰਕੇ ਸਰਕਾਰਾਂ ਨੂੰ ਅਸਥਿਰ ਕਰਨ ਦਾ ਇਤਿਹਾਸ ਰਿਹਾ ਹੈ ਪਰ ਮੌਜੂਦਾ ਮਾਮਲੇ ਵਿੱਚ 'ਆਪ' ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਆਪ 'ਚ ਕਿਸੇ ਵਿਦਰੋਹ ਦੀ ਅੱਗ ਬਲ ਰਹੀ ਹੈ।
ਉਨ੍ਹਾਂ ਦੇ ਵਿਧਾਇਕ ਅਸਹਿਜ ਮਹਿਸੂਸ ਕਰ ਰਹੇ ਹਨ ਅਤੇ ਉਹ ਪਾਰਟੀ ਅਜਿਹੇ ਕਿਸੇ ਵੀ ਕਦਮ ਨੂੰ ਪਹਿਲਾਂ ਤੋਂ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਆਏ ਦਿਨ ਅਜਿਹੇ ਦੋਸ਼ ਲਗਾਉਂਦੇ ਰਹਿੰਦੀ ਹੈ। ਪਹਿਲਾਂ 'ਆਪ' ਨੇ ਦੋਸ਼ ਲਾਇਆ ਸੀ ਕਿ ਭਾਜਪਾ ਦਿੱਲੀ 'ਚ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹੁਣ ਪੰਜਾਬ 'ਚ ਉਹੀ ਕਹਾਣੀ ਦੁਹਰਾਈ ਜਾ ਰਹੀ ਹੈ।
ਉਨ੍ਹਾਂ ਪਾਰਟੀ ਨੂੰ ਉਨ੍ਹਾਂ ਵਿਧਾਇਕਾਂ ਦੇ ਨਾਮ ਲੋਕਾਂ ਸਾਹਮਣੇ ਰੱਖਣ ਲਈ ਕਿਹਾ ਹੈ ,ਜਿਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ , ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਕਿਸੇ ਨੇ ਕਿਸੇ ਨਾ ਕਿਸੇ ਵਿਧਾਇਕ ਨਾਲ ਜ਼ਰੂਰ ਸੰਪਰਕ ਕੀਤਾ ਹੋਵੇਗਾ ਜਾਂ ਉਨ੍ਹਾਂ (ਵਿਧਾਇਕਾਂ) ਨੂੰ ਫ਼ੋਨ ਜ਼ਰੂਰ ਆਏ ਹੋਣਗੇ।
ਉਨ੍ਹਾਂ ਸਵਾਲ ਕੀਤਾ ਕਿ ਉਹ ਵਿਧਾਇਕ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆਏ ਅਤੇ ਉਨ੍ਹਾਂ ਨੂੰ ਖੁਦ ਦੱਸਣਾ ਚਾਹੀਦਾ ਸੀ ਕਿ ਉਨ੍ਹਾਂ ਨਾਲ ਕਿਵੇਂ, ਕਦੋਂ ਅਤੇ ਕਿੱਥੇ ਸੰਪਰਕ ਹੋਇਆ ਅਤੇ ਉਨ੍ਹਾਂ ਨੂੰ ਕਿਸ ਫੋਨ ਨੰਬਰ ਤੋਂ ਫੋਨ ਆਇਆ? ਤੁਸੀਂ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹੋ, ਕਿਉਂਕਿ ਇਹ ਅਪਰਾਧ ਹੈ। ਇਸ ਤਹਿਤ ਕਿਸੇ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।