ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਮੈਨੂੰ ਯਕੀਨ ਹੈ ਕਿ ਕੇਂਦਰ ਸਰਕਾਰ ਅਧੀਨ ਬਣ ਰਹੇ ਆਮ ਆਦਮੀ ਕਲੀਨਕਾਂ ਦਾ AAP ਸਰਕਾਰ ਵੱਲੋਂ ਰੱਜ ਕੇ ਪ੍ਰਚਾਰ ਕੀਤਾ ਜਾਵੇਗਾ। ਪੰਜਾਬ ਸਰਕਾਰ ਅੱਗੇ ਇਹ ਅਪੀਲ ਹੈ ਕਿ ਇਸ਼ਤਿਹਾਰਾਂ ਦੀ ਬਜਾਏ ਹਸਪਤਾਲਾਂ ਵਿੱਚ ਦਵਾਈਆਂ ਦਾ ਘਾਟਾ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਹਤਯਾਬ ਹੋਣ ਲਈ ਦਵਾਈਆਂ ਚਾਹੀਦੀਆਂ ਨੇ, ਇਮਾਰਤਾਂ ਨਹੀਂ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਚੰਗੀਆਂ ਸਿਹਤ ਸਹੂਲਤਾਂ ਨੂੰ ਲੈ ਕੇ ਪੰਜਾਬ ਵਿੱਚ ਮੁਹੱਲਾ ਕਲੀਨਕ ਖੋਲ੍ਹੇ ਜਾਣ ਦਾ ਐਲਾਨ ਕੀਤਾ ਸੀ। ਇਸ ਲਈ ਭਗਵੰਤ ਮਾਨ ਸਰਕਾਰ ਵੱਲੋਂ ਕਾਰਵਾਈ ਆਰੰਭ ਦਿੱਤੀ ਹੈ ਪਰ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਦੀ ਮੁਹੱਲਾ ਕਲੀਨਕ ਖੋਲ੍ਹਣ ਦੀ ਇਹ ਮੁਹਿੰਮ ਸਵਾਲਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ।

ਪੰਜਾਬ 'ਚ ਆਮ ਆਦਮੀ ਕਲੀਨਕ ਖੋਲ੍ਹਣ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਪੰਜਾਬ ਵਿੱਚ ਆਪਣਾ ਹੀ ਪ੍ਰਚਾਰ ਕਰ ਰਹੀ ਹੈ ਕਿ ਇਨ੍ਹਾਂ ਕਲੀਨਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਇਆ ਜਾਵੇਗਾ ਤੇ ਇਹ ਆਮ ਆਦਮੀ ਪਾਰਟੀ ਦਾ ਵੱਡਾ ਤੇ ਡਰੀਮ ਪ੍ਰਜੈਕਟ ਹੈ। ਆਮ ਆਦਮੀ ਪਾਰਟੀ ਵੱਲੋਂ ਕਿਤੇ ਇਹ ਨਹੀਂ ਦੱਸਿਆ ਜਾ ਰਿਹਾ ਕਿ ਇਸ ਪ੍ਰਜੈਕਟ ਵਿੱਚ ਖਰਚ ਹੋਣ ਵਾਲਾ ਪੈਸਾ ਕੇਂਦਰ ਸਰਕਾਰ ਦੀ ਨੈਸ਼ਨਲ ਹੈਲਥ ਮਿਸ਼ਨ ਤਹਿਤ ਖਰਚ ਹੋਵੇਗਾ ਤੇ ਇਸ ਪੈਸੇ ਦੀ ਅਦਾਇਗੀ ਕੇਂਦਰ ਵੱਲੋਂ ਕੀਤੀ ਜਾਵੇਗੀ।

ਇਸ ਸਬੰਧੀ ਰਾਜਾ ਵੜਿੰਗ ਨੇ ਆਪਣੇ ਟਵਿਟਰ ਤੇ ਇੱਕ ਅਖ਼ਬਾਰ ਦੀ ਫੋਟੋ ਸਾਂਝੀ ਕੀਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਆਮ ਆਦਮੀ ਕਲੀਨਕਾਂ ਨੂੰ ਕੇਂਦਰ ਸਰਕਾਰ ਚਲਾਏਗੀ। ਇਸ ਸਕੀਮ 'ਤੇ ਨੈਸ਼ਨਲ ਹੈਲਥ ਮਿਸ਼ਨ ਤਹਿਤ ਸਾਰਾ ਪੈਸਾ ਖ਼ਰਚ ਹੋਵੇਗਾ। ਇਨ੍ਹਾਂ ਆਮ ਆਦਮੀ ਕਲੀਨਕਾਂ ਵਿੱਚ ਡਾਕਟਰ ਤੋਂ ਲੈ ਕੇ ਦਵਾਈ ਤੱਕ ਕੇਂਦਰ ਸਰਕਾਰ ਖਰਚਾ ਕਰੇਗੀ।

ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਤੇ ਪਹਿਲੇ ਪੜਾਅ ਵਿੱਚ ਪੰਜਾਬ ਵਿੱਚ 75 ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ ਤੇ ਇਨ੍ਹਾਂ ਦਾ ਉਦਘਾਟਨ 15 ਅਗਸਤ ਵਾਲੇ ਦਿਨ ਕੀਤਾ ਜਾਵੇਗਾ ਤੇ ਇਹ ਕਲੀਨਿਕ ਬੰਦ ਪਏ ਸੁਵਿਧਾ ਕੇਂਦਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਖੁੱਲ੍ਹਵਾਏ ਜਾ ਰਹੇ ਹਨ।