ਜਲੰਧਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗੈਰ ਕਾਨੂੰਨੀ ਮਾਈਨਿੰਗ 'ਤੇ ਆਪਣੀ ਹੀ ਸਰਕਾਰ ਉੱਪਰ ਸਵਾਲ ਚੁੱਕਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਐਕਸ਼ਨ ਵਿੱਚ ਆ ਗਏ ਹਨ।
ਨਵਜੋਤ ਸਿੱਧੂ ਨੇ ਐਤਵਾਰ ਨੂੰ ਜਲੰਧਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਬਾਰੇ ਕਿਹਾ ਸੀ ਕਿ ਓਵਰ ਲੋਡਿਡ ਟਿੱਪਰਾਂ ਨੂੰ ਰੋਕਿਆ ਨਹੀਂ ਜਾ ਰਿਹਾ। ਗੈਰ ਕਾਨੂੰਨੀ ਮਾਈਨਿੰਗ 'ਤੇ ਸਰਕਾਰ ਸਖ਼ਤੀ ਨਹੀਂ ਕਰ ਰਹੀ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਵੀ ਤਾਂ ਸਰਕਾਰ ਵਿੱਚ ਹੀ ਹੋ ਤਾਂ ਫਿਰ ਬੋਲੇ ਕਿ ਇਹ ਡਿਪਾਰਟਮੈਂਟ ਉਨ੍ਹਾਂ ਕੋਲ ਨਹੀਂ ਹੈ।
ਗੈਰ ਕਾਨੂੰਨੀ ਮਾਈਨਿੰਗ 'ਤੇ ਸਿੱਧੂ ਦੀ ਗੱਲ ਮੀਡੀਆ ਰਾਹੀਂ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੱਕ ਪੁੱਜੀ ਤਾਂ ਸੋਮਵਾਰ ਨੂੰ ਉਹ ਐਕਸ਼ਨ ਵਿੱਚ ਆ ਗਏ। ਚੰਡੀਗੜ੍ਹ ਵਿੱਚ ਅਫ਼ਸਰਾਂ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਸਖ਼ਤ ਐਕਸ਼ਨ ਲੈਣ ਦੇ ਹੁਕਮ ਦਿੱਤੇ।
ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦੱਸਿਆ ਕਿ ਮੁੱਖ ਮੰਤਰੀ ਨੇ ਹੁਕਮ ਦਿੱਤੇ ਹਨ ਕਿ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਇਕੱਠੀਆਂ ਪੂਰੇ ਪੰਜਾਬ ਵਿੱਚ ਐਕਸ਼ਨ ਲੈਣ ਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾਵੇ।