Punjab News: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਭਰ ਦੇ 500 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਲਈ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੀ ਸ਼ੁਰੂਆਤ ਕਰਨ ਵਾਲੇ ਹਨ। ਇਸ ਯੋਜਨਾ ਦੇ ਤਹਿਤ ਚੰਡੀਗੜ੍ਹ ਰੇਲਵੇ ਸਮੇਤ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਇਨ੍ਹਾਂ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਵੇਰੇ 11.30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਦੇ 500 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਰੱਖਿਆ।


500 ਕਰੋੜ ਰੁਪਏ ਹੋਣਗੇ ਖਰਚ 



ਇਸ ਸਕੀਮ ਤਹਿਤ ਕੇਂਦਰ ਸਰਕਾਰ ਨੇ ਚੰਡੀਗੜ੍ਹ ਸਣੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਲਈ 500 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਤਾਂ ਜੋ ਕੇਂਦਰ ਸਰਕਾਰ ਤੇ ਰੇਲਵੇ ਵਿਭਾਗ ਦੇਸ਼ ਦੇ ਲੋਕਾਂ ਨੂੰ ਸਟੇਸ਼ਨਾਂ 'ਤੇ ਬਿਹਤਰ ਰੇਲ ਕਨੈਕਟੀਵਿਟੀ ਤੇ ਹਾਈਟੈੱਕ ਸਹੂਲਤਾਂ ਪ੍ਰਦਾਨ ਕਰ ਸਕਣ। ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਸ ਯੋਜਨਾ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਭਾਜਪਾ ਨੇ ਵੀ ਪੀਐਮ ਮੋਦੀ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਪੰਜਾਬ ਦੇ ਲੋਕਾਂ ਦੀ ਵੱਲੋਂ ਪੀਐਮ ਮੋਦੀ ਦਾ ਧੰਨਵਾਦ ਕੀਤਾ ਹੈ।


ਇਨ੍ਹਾਂ ਰੇਲਵੇ ਸਟੇਸ਼ਨਾਂ ਨੂੰ ਦਿੱਤਾ ਜਾਵੇਗਾ ਨਵਾਂ ਰੂਪ 


ਚੰਡੀਗੜ੍ਹ, ਕੋਟਕਪੂਰਾ, ਸਰਹਿੰਦ, ਫਿਰੋਜ਼ਪੁਰ ਛਾਉਣੀ, ਅਬੋਹਰ, ਫਾਜ਼ਿਲਕਾ, ਪਠਾਨਕੋਟ ਸਿਟੀ, ਗੁਰਦਾਸਪੁਰ, ਜਲੰਧਰ ਛਾਉਣੀ, ਫਿਲੌਰ, ਕਪੂਰਥਲਾ, ਲੁਧਿਆਣਾ, ਢੰਡਾਰੀ ਕਲਾਂ, ਮਾਨਸਾ, ਪਟਿਆਲਾ, ਆਨੰਦਪੁਰ ਸਾਹਿਬ, ਰੂਪਨਗਰ, ਨੰਗਲ ਡੈਮ, ਧੂਰੀ, ਸੰਗਰੂਰ, ਮਲੇਰ ਕੋਟਲਾ, ਮੁਕਤਸਰ ਰੇਲਵੇ ਸਟੇਸ਼ਨਾਂ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ ਸਰਕੂਲੇਟਿੰਗ ਏਰੀਆ, ਵੇਟਿੰਗ ਹਾਲ, ਟਾਇਲਟ, ਲਿਫਟ, ਐਸਕੇਲੇਟਰ, ਸਫਾਈ, ਮੁਫਤ ਵਾਈ-ਫਾਈ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰੇਲਵੇ ਦੇ ਬੁਨਿਆਦੀ ਢਾਂਚੇ ਵਿੱਚ ਵੀ ਮਹੱਤਵਪੂਰਨ ਬਦਲਾਅ ਹੋਵੇਗਾ।


ਯੂਪੀ-ਰਾਜਸਥਾਨ ਦੇ ਜ਼ਿਆਦਾਤਰ ਸਟੇਸ਼ਨ



 ਦੱਸ ਦੇਈਏ ਕਿ ਪੰਜਾਬ ਤੋਂ ਇਲਾਵਾ ਹਰਿਆਣਾ ਦੇ 15, ਯੂਪੀ ਅਤੇ ਰਾਜਸਥਾਨ ਦੇ 55-55, ਬਿਹਾਰ ਦੇ 49, ਮਹਾਰਾਸ਼ਟਰ ਦੇ 44, ਪੱਛਮੀ ਬੰਗਾਲ ਦੇ 37, ਮੱਧ ਪ੍ਰਦੇਸ਼ ਦੇ 34, ਅਸਾਮ ਦੇ 32, ਉੜੀਸਾ ਦੇ 25, ਗੁਜਰਾਤ ਦੇ 21 ਅਤੇ ਤੇਲੰਗਾਨਾ- 21, ਝਾਰਖੰਡ 'ਚ 20, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ 'ਚ 18-18, ਕਰਨਾਟਕ 'ਚ 13 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਰੇਲਵੇ ਦੇਸ਼ ਭਰ ਦੇ ਲੋਕਾਂ ਦੀ ਆਵਾਜਾਈ ਦਾ ਤਰਜੀਹੀ ਸਾਧਨ ਹੈ। ਅਜਿਹੇ 'ਚ ਰੇਲਵੇ ਸਟੇਸ਼ਨਾਂ 'ਤੇ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।